ਹਰਿੰਦਰ ਨਿੱਕਾ
ਬਰਨਾਲਾ, 1 ਮਈ 2020 - ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁੱਤੀ ਪਈ ਕੇਂਦਰ ਸਰਕਾਰ ਨੂੰ ਹਲੂਣਾ ਦੇ ਕੇ ਜਗਾਉਣ ਲਈ ਦਿੱਤੇ ਸੱਦੇ ਤੇ ਫੁੱਲ ਚੜਾਉਂਦਿਆਂ ਬਰਨਾਲਾ ਜਿਲ੍ਹੇ ਦੇ ਕਾਂਗਰਸੀਆਂ ਨੇ ਵੱਖ ਵੱਖ ਥਾਂਵਾ ਤੇ ਘਰਾਂ ਦੀਆਂ ਛੱਤਾਂ ਤੇ ਤਿਰੰਗਾ ਝੰਡਾ ਲਹਿਰਾਇਆ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾਂ ਨੇ ਅਪਣੇ ਘਰ ਦੀ ਛੱਤ ਤੇ ਚੜ੍ਹ ਕੇ ਅਤੇ ਫਿਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਕੋਠੀ ਚ, ਪਹੁੰਚ ਕੇ ਹੋਰ ਪਾਰਟੀ ਵਰਕਰਾਂ ਸਣੇ ਤਿਰੰਗਾ ਲਹਿਰਾ ਕੇ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਰੋਸ ਪ੍ਰਗਟ ਕੀਤਾ।
ਇਸ ਮੌਕੇ ਮੱਖਣ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਕੋਰੋਨਾ ਮਹਾਂਮਾਰੀ ਦੇ ਸਮੇਂ ਵੀ ਮਤਰੇਈ ਮਾਂ ਵਾਲਾ ਵਰਤਾਉ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਚ, ਵੀ ਕੇਂਦਰ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਕਰਕੇ ਰਾਜਸੀ ਬਦਲਾਖੋਰੀ ਦਾ ਢੰਗ ਅਪਣਾ ਕੇ ਕੋਈ ਆਰਥਿਕ ਸਹਿਯੋਗ ਨਹੀਂ ਦੇ ਰਹੀ। ਉੱਧਰ ਹਲਕਾ ਭਦੌੜ ਦੀ ਸੀਨੀਅਰ ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਵੀ ਅਪਣੀ ਕੋਠੀ ਚ, ਹੋਰ ਕਾਂਗਰਸੀ ਆਗੂਆਂ ਸਮੇਤ ਤਿਰੰਗਾ ਲਹਿਰਾਇਆ।
ਉਨ੍ਹਾਂ ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਰਵੱਈਏ ਦੀ ਕਰੜੀ ਨਿੰਦਿਆ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਭਿਆਨਕ ਮਹਾਂਮਾਰੀ ਦੇ ਸੰਕਟ ਦੇ ਸਮੇਂ ਚ, ਆਪਣੀ ਸੌੜੀ ਸਿਆਸਤ ਨੂੰ ਪਰ੍ਹੇ ਰੱਖ ਕੇ ਪੰਜਾਬ ਨੂੰ ਵੀ ਹੋਰਨਾਂ ਸੂਬਿਆਂ ਵਾਂਗ ਹੀ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ। ਉਨ੍ਹਾਂ ਮੋਦੀ ਸਰਕਾਰ ਦੇ ਵਰ੍ਹਦਿਆਂ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਸੰਕਟ ਦੇ ਸਮੇਂ ਕੋਈ ਰਾਜਨੀਤੀ ਨਾ ਕਰਨ ਦੀਆਂ ਗੱਲਾਂ ਕਰ ਰਹੇ ਹਨ।
ਪਰ ਖੁਦ ਹੀ ਰਾਜਸੀ ਵਿਰੋਧੀ ਪਾਰਟੀ ਦੀ ਕਾਂਗਰਸ ਸਰਕਾਰ ਨੂੰ ਮੱਦਦ ਦੇਣ ਲਈ ਹੱਥ ਪਿੱਛੇ ਖਿੱਚ ਰਹੇ ਹਨ। ਇਸ ਮੌਕੇ ਬਲਾਕ ਸੰਮਤੀ ਸ਼ਹਿਣਾ ਦੇ ਵਾਈਸ ਚੇਅਰਮੈਨ ਗੁਰਦੀਪ ਦਾਸ , ਸਰਪੰਚ ਸੁਖਦੇਵ ਸਿੰਘ ਕਾਲੇਕੇ, ਹਰਦੇਵ ਸਿੰਘ ਗਿੱਲ ਸਮੇਤ ਹੋਰ ਆਗੂ ਵੀ ਮੌਜੂਦ ਰਹੇ।