ਅਸ਼ੋਕ ਵਰਮਾ
ਬਠਿੰਡਾ, 2 ਮਈ 2020 - ਇਨਕਲਾਬੀ ਆਗੂਆਂ ਰਣਵੀਰ ਸਿੰਘ ਰੰਧਾਵਾ ਅਤੇ ਹਰਦੀਪ ਕੌਰ ਕੋਟਲਾ ਨੇ ਸਾਦਾ ਢੰਗ ਨਾਲ ਵਿਆਹ ਕਰਾ ਲਿਆ ਹੈ। ਰਣਵੀਰ ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਹੈ ਜਦੋਂਕਿ ਹਰਦੀਪ ਕੌਰ ਹੁਣ ਪੰਜਾਬ ਸਟੂਡੈਂਟਸ ਯੂਨੀਅਨ ’ਚ ਸੀਨੀਅਰ ਮੀਤ ਪ੍ਰਧਾਨ ਹੈ। ਦੋਵੇਂ ਹੀ ਸਮਾਜੀ ਗੰਦ ਨੂੰ ਸਾਫ ਕਰਨ ਅਤੇ ਬਰਾਬਰੀ ਲਈ ਘਰੋਂ ਤੁਰੇ ਹੋਏ ਹਨ। ਇਹ ਵਿਆਹ ਕਰਕੇ ਦੋਵਾਂ ਨੇ ਸਮਾਜਿਕ ਰੀਤੀ ਰਿਵਾਜ਼ਾਂ ਨੂੰ ਤਿਲਾਂਜਲੀ ਦਿੱਤੀ ਹੈ। ਉਨਾਂ ਦਾ ਵਿਆਹ ਪੂਰੀ ਤਰਾਂ ਸਾਦਾ ਹੋਣ ਦੇ ਬਾਵਜੂਦ ਇਸ ’ਚ ਕਾਫੀ ਕੁਝ ਖਾਸ ਵੀ ਰਿਹਾ। ਕੋਈ ਬੈਂਡ ਵਾਜਾ ਨਹੀਂ ਵੱਜਿਆ ਤੇ ਕੋਈ ਫਾਲਤੂ ਰਸਮਾਂ ਨਹੀਂ ਕੀਤੀਆਂ ਹਨ। ਬੱਸ ਵਿਚਾਰਾਂ ਦੇ ਮੇਲ ਨੇ ਇਸ ਵਿਆਹ ਨੂੰ ਨੇਪਰੇ ਚਾੜਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਰਣਵੀਰ ਅਤੇ ਹਰਦੀਪ ਨੇ ਇੱਕ ਦੂਜੇ ਦੇ ਹਾਰ ਪਾਕੇ ਨਵੀਂ ਜਿੰਦਗੀ ਸ਼ੁਰੂ ਕਰ ਦਿੱਤੀ ਹੈ। ਵਿਆਹ ’ਚ ਕੋਈ ਲੈਣ ਦੇਣ ਨਹੀਂ ਹੋਇਆ ਅਤੇ ਨਾ ਹੀ ਕੋਈ ਧੂਮ ਧੜੱਕਾ ਸੀ। ਰਣਵੀਰ ਰੰਧਾਵਾ ਅਤੇ ਹਰਦੀਪ ਕੌਰ ਇਸ ਵੇਲੇ ਇਨਕਲਾਬੀ ਸਫਾਂ ਦੇ ਮੋਹਰੀ ਆਗੂ ਹਨ।
ਮੋਗਾ ਜ਼ਿਲ੍ਹੇ ਦੇ ਪਿੰਡ ਕੋਟਲਾ ਮਿਹਰ ਸਿੰਘ ਦੀ ਹਰਦੀਪ ਕੌਰ ਕੋਟਲਾ ਦੱਸਦੀ ਹੈ ਕਿ ਜਦੋਂ ਉਸ ਨੇ ਗਦਰੀ ਬਾਬਿਆਂ ਅਤੇ ਕਰਤਾਰ ਸਿੰਘ ਸਰਾਭਾ ਦਾ ਇਤਿਹਾਸ ਪੜ੍ਹਿਆ ਤਾਂ ਉਸ ਨੂੰ ਘਰ ਦੀ ਦਹਿਲੀਜ ਰੋਕ ਨਾ ਸਕੀ। ਉਸ ਦਾ ਕਹਿਣਾ ਸੀ ਕਿ ਮਾਪਿਆਂ ਨੇ ਰੋਕ ਟੋਕ ਕੀਤੀ ਪਰ ਉਸ ਨੇਂ ਸੰਘਰਸ਼ੀ ਪਿੜ ’ਨਹੀਂ ਛੱਡਿਆ ਸੀ। ਉਹ ਦੱਸਦੀ ਹੈ ਕਿ ਘਰੇ ਬਹੁਤ ਕੁਝ ਸੁਣਨਾ ਪਿਆ। ਔਰਬਿਟ ਦੇ ਮੋਗਾ ਕਾਂਡ ਮੌਕੇ ਪੂਰੇ 92 ਦਿਨ ਜੇਲ੍ਹ ’ਚ ਰਹੀ। ਥਾਣੇ ਕਚਹਿਰੀ ਦਾ ਹੁਣ ਉਸ ਨੂੰ ਖ਼ੌਫ ਨਹੀਂ ਰਿਹਾ। ਹਰਦੀਪ ਦੱਸਦੀ ਹੈ ਕਿ ਉਸ ਨੇ ਤਾਂ ਕੈਨੇਡਾ ਦੀ ਫੈਮਿਲੀ ਕੇਸ ਦੀ ਲੱਗੀ ਫਾਈਲ ਨੂੰ ਠੋਕਰ ਮਾਰ ਦਿੱਤੀ। ਉਸ ਨੇ ਕਿਹਾ ਕਿ ਮਾਤਾ ਪਿਤਾ ਨਾਲ ਵੀ ਸਬੰਧ ਖਰਾਬ ਹੋ ਗਏ ,ਫਿਰ ਵੀ ਉਸ ਦਾ ਸਫਰ ਨਹੀਂ ਰੁਕਿਆ ਹੈ। ਹਰਦੀਪ ਕੌਰ ਲੜਕੀਆਂ ਨੂੰ ਲਾਮਬੰਦ ਕਰ ਰਹੀ ਹੈ ਅਤੇ ਹੱਕਾਂ ਦੀ ਲੜਾਈ ਦੌਰਾਨ ਸੰਘਰਸ਼ ’ਚ ਉੱਤਰੀ ਹੈ। ਉਹ ਆਖਦੀ ਹੈ ਕਿ ਲੜਾਈ ਸਮਾਜੀ ਵਿਤਕਰਾ ਖਤਮ ਕਰਨ ਦੀ ਹੈ ਜਿਥੇ ਕੁੜੀ ਹੋਣਾ ਗੁਨਾਹ ਬਣ ਗਿਆ ਹੈ। ਹਰਦੀਪ ਕੌਰ ਨੇ ਆਖਿਆ ਕਿ ਲੜਕੀ ਹੋਣਾ ਇਕੱਲਾ ਪਰਿਵਾਰ ਸਾਂਭਣਾ ਨਹੀਂ, ਸਮਾਜ ਤੇ ਦੇਸ਼ ਸਾਂਭਣਾ ਵੀ ਛੋਟਾ ਫਰਜ਼ ਨਹੀਂ ਹੈ ਜਿਸ ਤੇ ਹੁਣ ਦੋਵੇਂ ਜੀਅ ਪਹਿਰਾ ਦੇਣਗੇ ਕਿਉਂਕਿ ਦੋਵਾਂ ਨੂੰ ਅਸਲ ਮੰਜ਼ਿਲ ਦਾ ਪਤਾ ਹੈ।
ਰਣਵੀਰ ਸਿੰਘ ਰੰਧਾਵਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਰੜ ਛਾਪਾ ਦਾ ਵਸਨੀਕ ਹੈ। ਅਸਲ ’ਚ ਰਣਵੀਰ ਦੇ ਦਾਦੇ ਦਾ ਭਰਾ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਲਹਿਰ ਨਾਲ ਉਸ ਵੇਲੇ ਜੁੜਿਆ ਜਦੋਂ ਪੰਜਾਬ ’ਚ ਖੱਬੇ ਪੱਖੀਆਂ ਦੀ ਚੜਤ ਸੀ। ਪ੍ਰੀਵਾਰ ’ਚ ਸੰਘਰਸ਼ਾਂ ਅਤੇ ਲੋਕਾਂ ਦੇ ਹੱਕਾਂ ਦੀਆਂ ਗੱਲਾਂ ਕਾਰਨ ਰਣਵੀਰ ਦੇ ਪਿਤਾ ਤੇ ਵੀ ਖੱਬੇ ਪੱਖੀ ਲਹਿਰ ਦਾ ਪ੍ਰਭਾਵ ਪਿਆ। ਜਦੋਂ ਕਮਿਊਨਿਸਟ ਆਗੂ ਪਿੰਡਾਂ ’ਚ ਲੋਕਾਂ ਨੂੰ ਚੇਤੰਨ ਕਰਨ ਲਈ ਡਰਾਮੇ ਕਰਦੇ ਤਾਂ ਉਨਾਂ ਦੇ ਘਰੋਂ ਲੰਗਰ ਅਤੇ ਮੰਜਾ ਬਿਸਤਰਾ ਜਾਂਦਾ ਸੀ। ਇੰਨਾਂ ਡਰਾਮਿਆਂ ’ਚ ਜਾਂਦਿਆਂ ਰਣਵੀਰ ਨੂੰ ਵੀ ਲੋਕ ਪੱਖੀ ਸੰਘਰਸ਼ਾਂ ਦੀ ਚੇਟਕ ਲੱਗ ਗਈ। ਇਸੇ ਦੌਰਾਨ ਹੀ ਪਿੰਡ ’ਚ ਨੌਜਵਾਨ ਭਾਰਤ ਸਭਾ ਦੀ ਟੀਮ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਸਬੰਧਤ ਡਰਾਮਾ ਖੇਡਣ ਲਈ ਆਈ ਸੀ। ਡਰਾਮਾ ਦੇਖਣ ਉਪਰੰਤ ਉਸ ਨੇ ਸਭਾ ਦੀ ਇਨਕਲਾਬੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ । ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੋਢੇ ਨਾਲ ਮੋਢਾ ਜੋੜ ਕੇ ਵਿਦਿਆਰਥੀਆਂ ਨਾਲ ਚਟਾਨ ਬਣ ਕੇ ਖੜਿਆ ਅਤੇ ਸੂਬਾ ਪ੍ਰਧਾਨ ਬਣਿਆ। ਜਦੋਂ ਵੀ ਕਿਸੇ ਨਾਲ ਅਨਿਆਂ ਹੁੰਦਾ ਤਾਂ ਰਣਵੀਰ ਹਮੇਸ਼ਾ ਮੋਹਰੀ ਸਫਾਂ ’ਚ ਖਲੋਤਾ ਦਿਖਾਈ ਦਿੰਦਾ ਹੈ। ਉਸ ਨੂੰ ਇਨਕਲਾਬਾਂ ਨਾਲ ਸਬੰਧਤ ਸਾਹਿਤ ਪੜਨ ਦਾ ਸ਼ੌਕ ਹੈ ਜੋ ਉਸ ਨੇ ਜਾਰੀ ਰੱਖਿਆ ਹੋਇਆ ਹੈ।
ਵਿਚਾਰਾਂ ਦੇ ਸਮਾਨਤਾ ਦੀ ਸ਼ਾਦੀ
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੋਵਾਂ ਨੇ ਕਿਹਾ ਕਿ ਇਹ ਸ਼ਾਦੀ ਅਸਲ ’ਚ ਵਿਚਾਰਾਂ ਦੇ ਸਮਾਨਤਾ ਦੀ ਹੈ। ਉਨਾਂ ਆਖਿਆ ਕਿ ਉਹ ਪੂਰੀ ਤਰਾਂ ਸਮਾਜਿਕ ਤੇ ਸਾਦਾ ਸਮਾਗਮ ਰੱਖਣ ਦੇ ਹੱਕ ਵਿੱਚ ਪਹਿਲਾਂ ਹੀ ਸਨ। ਉਨਾਂ ਆਖਿਆ ਕਿ ਜੇਕਰ ਕਰੋਨਾ ਵਾਇਰਸ ਦਾ ਪ੍ਰਛਾਵਾਂ ਨਾਂ ਹੁੰਦਾ ਤਾਂ ਉਨਾਂ ਨੇ ਇਵੇਂ ਹੀ ਵਿਆਹ ਬੰਧਨ ’ਚ ਬੱਝਣਾ ਸੀ ਜਿਸ ਕਰਕੇ ਵਿਆਹ ਨੂੰ ਪੂਰੀ ਤਰਾਂ ਗਾਜੇ ਵਾਜੇ ਤੋਂ ਪਾਸੇ ਰੱਖਿਆ ਹੈ। ਉਸ ਨੇ ਕਿਹਾ ਕਿ ਬਰਾਬਰੀ ਦਾ ਸਮਾਜ ਹੀ ਮੁਕਤੀ ਦਾ ਰਾਹ ਹੈ। ਉਨਾਂ ਕਿਹਾ ਕਿ ਬਰਾਬਰੀ ਦੀ ਗੱਲ ਕਰਨਾ, ਬਾਗੀ ਹੋਣਾ ਹੈ, ਤਾਂ ਉਨਾਂ ਨੂੰ ਬਾਗੀ ਹੋਣ ’ਤੇ ਮਾਣ ਹੈ।