ਰਜਨੀਸ਼ ਸਰੀਨ
- ਕੱਲ੍ਹ ਜ਼ਿਲ੍ਹੇ ’ਚੋਂ 150 ਯਾਤਰੀਆਂ ਨੂੰ ਭੇਜਿਆ ਗਿਆ ਸੀ ਜੰਮੂ-ਕਸ਼ਮੀਰ
ਨਵਾਂਸ਼ਹਿਰ, 2 ਮਈ 2020 - ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਂਘ ਨਗਰ ਨੇ ਜ਼ਿਲ੍ਹੇ ’ਚ ਲਾਕਡਾਊਨ ਦੌਰਾਨ ਫ਼ਸੇ ਦੂਸਰੇ ਰਾਜਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ’ਚ ਭੇਜਣ ਦੀ ਪਹਿਲ ਕਦਮੀ ਤਹਿਤ ਅੱਜ ਨਵਾਂਸ਼ਹਿਰ ’ਚੋਂ 133 ਅਤੇ ਬੰਗਾ ’ਚੋਂ 88 ਹੋਰ ਕਸ਼ਮੀਰੀ ਵਿਅਕਤੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਲਈ ਰਵਾਨਾ ਕੀਤਾ ਗਿਆ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੇ ਆਦੇਸ਼ਾਂ ’ਤੇ ਕਲ੍ਹ ਜ਼ਿਲ੍ਹੇ ’ਚੋਂ 150 ਯਾਤਰੀਆਂ ਨੂੰ ਕਸ਼ਮੀਰ ਭੇਜਿਆ ਗਿਆ ਸੀ ਅਤੇ ਬਾਕੀ ਰਹਿੰਦੇ ਨਵਾਂਸ਼ਹਿਰ ਦੇ 133 ਅਤੇ ਬੰਗਾ ਦੇ 88 ਵਿਅਕਤੀਆਂ ਨੂੰ ਅੱਜ ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚ ਰਵਾਨਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ’ਚ ਹਰੇਕ ਵਿਅਕਤੀ ਆਪਣੇ ਗ੍ਰਹਿ ਰਾਜ ਜਾਣ ਦਾ ਚਾਹਵਾਨ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕਰਕੇ ਇੱਕ ਚੰਗੀ ਮਿਸਾਲ ਪੇਸ਼ ਕੀਤੀ ਗਈ ਹੈ।
ਜੌਹਲ ਅਨੁਸਾਰ ਰਮਜ਼ਾਨ ਦੇ ਰੋਜ਼ੇ ਚਲਦੇ ਹੋਣ ਕਾਰਨ ਇਹ ਸਾਰੇ ਵਿਅਕਤੀ ਆਪਣੇ ਘਰਾਂ ਨੂੰ ਜਾਣ ਦੇ ਚਾਹਵਾਨ ਸਨ, ਜਿਸ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਧਾਰਮਿਕ ਰਵਾਇਤਾਂ ਦਾ ਮਾਣ ਰੱਖਦਿਆਂ, ਉਨ੍ਹਾਂ ਦੇ ਪਿੱਤਰੀ ਰਾਜ ਭੇਜਣ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਦਿਨਾਂ ’ਚ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ’ਚੋਂ 371 ਕਸ਼ਮੀਰੀਆਂ ਨੂੰ ਉਨ੍ਹਾਂ ਦੇ ਘਰ ਮੁਫ਼ਤ ਬੱਸਾਂ ਦਾ ਪ੍ਰਬੰਧ ਕਰਕੇ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਅੱਜ ਸਵੇਰ ਦਾ ਨਾਸ਼ਤਾ ਕਰਵਾਉਣ ਬਾਅਦ ਇੱਕ ਐਨ ਜੀ ਓ ਵੱਲੋਂ ਜਾਂਦੇ ਹੋਏ ਪਾਣੀ ਦੀਆਂ ਬੋਤਲਾਂ ਅਤੇ ਬਿਸਕੁਟ ਦੇ ਪੈਕੇਟ ਨਾਲ ਮੁਹੱਈਆ ਕਰਵਾਏ ਗਏ ਸਨ।
ਇਸ ਮੌਕੇ ਬੱਸਾਂ ’ਚ ਸਵਾਰ ਕਸ਼ਮੀਰੀ ਜਿੱਥੇ ਆਪਣੇ ਘਰ ਜਾਣ ਦਾ ਪ੍ਰਬੰਧ ਹੋਣ ’ਤੇ ਬਹੁਤ ਖੁਸ਼ ਸਨ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਵੀ ਵਾਰ-ਵਾਰ ਧੰਨਵਾਦ ਪ੍ਰਗਟਾਅ ਰਹੇ ਸਨ। ਇਸ ਮੌਕੇ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਵੀ ਮੌਜੂਦ ਸਨ।