ਸੰਜੀਵ ਸੂਦ
- ਜਥੇਦਾਰ ਨੂੰ ਵੀ ਕੀਤੀ ਅਪੀਲ ਇਕ ਘੰਟੇ ਲਈ ਰੇਡੀਓ ਜਾਂ ਟੀਵੀ ਉੱਤੇ ਵਿਖਾਉਣ ਗੁਰਬਾਣੀ
ਲੁਧਿਆਣਾ, 2 ਮਈ 2020 - ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਅੱਜ ਲੁਧਿਆਣਾ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ 'ਚ ਵੱਡੀ ਤਦਾਦ 'ਚ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਕੋਰੋਨਾ ਪਾਜ਼ੀਟਿਵ ਆਉਣ ਲਈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਬੀਬੀ ਜੀ ਨੇ ਅਮਿਤ ਸ਼ਾਹ 'ਤੇ ਇੰਨਾ ਦਬਾਅ ਪਾਇਆ ਕਿ ਇਕੱਠਿਆਂ ਹੀ ਸਾਰੇ ਯਾਤਰੀਆਂ ਨੂੰ ਪੰਜਾਬ ਭੇਜ ਦਿੱਤਾ ਗਿਆ ਅਤੇ ਉਹ ਸਾਰੇ ਹੀ ਕਰੋਨਾ ਤੋਂ ਪਾਜ਼ੀਟਿਵ ਪਾਏ ਗਏ।
ਰਵਨੀਤ ਬਿੱਟੂ ਨੇ ਕਿਹਾ ਕਿ ਯਾਤਰੀਆਂ ਨੂੰ ਜ਼ਿਲ੍ਹੇ ਦੇ ਅਨੁਸਾਰ ਲੈ ਕੇ ਆਉਣਾ ਸੀ ਪਰ ਹਰਸਿਮਰਤ ਕੌਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਕਰੈਡਿਟ ਲੈਣ ਲਈ ਪੰਜਾਬ ਦੇ ਹਾਲਾਤ ਖਰਾਬ ਕਰ ਦਿੱਤੇ। ਇਸ ਦੌਰਾਨ ਉਨ੍ਹਾਂ ਜੰਮ ਕੇ ਮਹਾਰਾਸ਼ਟਰ ਸਰਕਾਰ 'ਤੇ ਵੀ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਜੇਕਰ ਸਰਕਾਰ ਉਥੋਂ ਦੀ ਗੰਭੀਰ ਹੁੰਦੀ ਤਾਂ ਐਨੀ ਵੱਡੀ ਤਾਦਾਦ 'ਚ ਕੇਸ ਨਹੀਂ ਆਉਣੇ ਸਨ, ਉਨ੍ਹਾਂ ਕਿਹਾ ਕਿ ਜੇਕਰ ਉੱਥੇ ਹੀ ਟੈਸਟ ਸਮੇਂ ਸਿਰ ਲੈ ਲਏ ਜਾਂਦੇ ਤਾਂ ਪੰਜਾਬ ਵਿੱਚ ਐਨੇ ਕੇਸ ਨਹੀਂ ਵਧਣੇ ਸਨ, ਰਵਨੀਤ ਬਿੱਟੂ ਨੇ ਨਾਲ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਸ਼ਰਧਾਲੂਆਂ ਨੂੰ ਸਾਂਭ ਰਹੀ ਹੈ ਅਤੇ ਸਾਂਭੇਗੀ, ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ, ਰਵਨੀਤ ਬਿੱਟੂ ਨੇ ਜਥੇਦਾਰ ਨੂੰ ਇਹ ਵੀ ਅਪੀਲ ਕੀਤੀ ਕਿ ਜਿਵੇਂ ਮਹਾਂਭਾਰਤ ਅਤੇ ਰਾਮਾਇਣ ਸ਼ੁਰੂ ਕੀਤੀ ਗਈ ਹੈ ਉਸੇ ਤਰ੍ਹਾਂ ਇੱਕ ਨਿੱਜੀ ਚੈਨਲ ਨੂੰ ਛੱਡ ਕੇ ਹੋਰਨਾਂ ਚੈਨਲਾਂ ਅਤੇ ਰੇਡੀਓ 'ਤੇ ਵੀ ਗੁਰਬਾਣੀ ਚਲਾਈ ਜਾਵੇ।
ਉੱਧਰ ਦੂਜੇ ਪਾਸੇ ਰਵਨੀਤ ਬਿੱਟੂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਐਮਪੀ ਲੈਂਡ ਫੰਡ ਚੋਂ ਆਪੋ ਆਪਣੇ ਹਲਕੇ ਲਈ ਜ਼ਰੂਰੀ ਸਾਮਾਨ ਖਰੀਦਣ ਲਈ ਪੈਸੇ ਦੇਣ ਲਈ ਕਿਹਾ ਗਿਆ ਸੀ ਉਸ ਮੁਤਾਬਕ ਲੁਧਿਆਣਾ ਵਿੱਚ ਵੀ ਵੱਡੀ ਤਦਾਦ 'ਚ ਸਾਮਾਨ ਖਰੀਦਿਆ ਗਿਆ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਮਰੀਜ਼ਾਂ ਦੇ ਨਾਲ ਹੈ ਉਨ੍ਹਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।