ਪਰਵਿੰਦਰ ਸਿੰਘ ਕੰਧਾਰੀ
- ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੀਤੇ ਲੋਕਾਂ ਦੀ ਟੈਸਟਿੰਗ, ਸੈਪਲਿੰਗ ਜੋਰਾਂ ਤੇ
- ਇਕਾਂਤਵਾਸ ਕੇਂਦਰਾਂ ਦੀ ਸਫਾਈ ਅਤੇ ਲੋਕਾਂ ਦੇ ਮਨੋਰੰਜਨ ਲਈ ਖਾਸ ਪ੍ਰਬੰਧ ਕੀਤੇ ਗਏ
ਫਰੀਦਕੋਟ, 2 ਮਈ 2020 - ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਹਜੂਰ ਸਾਹਿਬ ਅਤੇ ਦੂਜੇ ਰਾਜਾਂ ਤੋਂ ਜ਼ਿਲ੍ਹੇ ਵਿਚ ਆਉਣ ਵਾਲੇ ਇਥੋਂ ਦੇ ਵਸਨੀਕਾਂ ਲਈ ਵੱਡੀ ਪੱਧਰ ਤੇ ਇਕਾਂਤਵਾਸ ਕੇਂਦਰ ਸਥਾਪਿਤ ਕੀਤੇ ਗਏ ਹਨ।ਜਿਥੋਂ ਦੂਜੇ ਰਾਜਾਂ ਵਿਚੋਂ ਆਉਣ ਵਾਲੇ ਹਰੇਕ ਵਿਅਕਤੀ ਦਾ 21 ਦਿਨ ਰੋਕਣਾ ਅਤਿ ਜਰੂਰੀ ਹੈ ਤਾਂ ਜੋ ਕਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ ਏ ਐਸ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿਚ ਹਜੂਰ ਸਾਹਿਬ ਸਮੇਤ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਲਈ ਕੁੱਲ 32 ਦੇ ਕਰੀਬ ਇਕਾਂਤਵਾਸ ਕੇਂਦਰ ਬਣਾਏ ਗਏ ਹਨ ਜਿਥੇ ਕਿ ਉਨ੍ਹਾਂ ਦੇ ਠਹਿਰਣ, ਰਿਹਾਇਸ਼, ਖਾਣੇ, ਮਨੋਰੰਜਨ, ਸਿਹਤ ਅਤੇ ਸੁਰੱਖਿਆ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫਰੀਦਕੋਟ ਸਬ-ਡਵੀਜਨ ਵਿਚ 12, ਕੋਟਕਪੂਰਾ ਸਬ-ਡਵੀਜਨ ਵਿਚ 12 ਅਤੇ ਜੈਤੋ ਸਬ-ਡਵੀਜਨ ਵਿਚ 8 ਇਕਾਂਤਵਾਸ ਕੇਂਦਰ ਬਣਾਏ ਗਏ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿਚ ਹਜੂਰ ਸਾਹਿਬ ਤੋ 132 ਯਾਤਰੀ ਅਤੇ ਦੂਜੇ ਵੱਖ-ਵੱਖ ਰਾਜਾਂ ਤੋ 1007 ਲੋਕ ਜਿਲ੍ਹੇ ਵਿਚ ਪਹੁੰਚ ਚੁੱਕੇ ਹਨ। ਜਿਨ੍ਹਾਂ ਦੀ ਕੁੱਲ ਗਿਣਤੀ 1139 ਹੈ। ਇਸੇ ਤਰ੍ਹਾਂ ਹੀ ਐਸ ਡੀ ਐਮ ਫਰੀਦਕੋਟ ਸ ਪਰਮਦੀਪ ਸਿੰਘ, ਐਸ ਡੀ ਐਮ ਕੋਟਕਪੂਰਾ ਮੇਜਰ ਅਮਿਤ ਸਰੀਨ ਅਤੇ ਐਸ ਡੀ ਐਮ ਜੈਤੋ ਡਾ ਮਨਦੀਪ ਕੌਰ ਨੂੰ ਆਪਣੀ ਆਪਣੀ ਸਬ-ਡਵੀਜਨ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਇਨ੍ਹਾਂ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਸਟਾਫ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਪੁਲਿਸ ਵਿਭਾਗ ਵੱਲੋਂ ਇਨ੍ਹਾਂ ਇਕਾਂਤਵਾਸ ਕੇਂਦਰਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਇਨ੍ਹਾਂ ਇਕਾਂਤਵਾਸ ਕੇਂਦਰਾਂ ਵਿਚ ਲਿਆਂਦੇ ਲੋਕਾਂ ਦੀ ਸਿਹਤ ਵਿਭਾਗ ਵੱਲੋਂ ਟੈਸਟਿੰਗ ਅਤੇ ਸੈਪਲਿੰਗ ਜੋਰਾਂ ਤੇ ਚੱਲ ਰਹੀ ਹੈ ਅਤੇ ਉਨ੍ਹਾਂ ਵੱਲੋਂ ਕਰੋਨਾ ਜਾਂਚ ਲਈ ਸੈਂਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਇਲਾਵਾ ਅੰਮ੍ਰਿਤਸਰ ਅਤੇ ਪ੍ਰਾਈਵੇਟ ਲੈਬਾਂ ਨੂੰ ਭੇਜੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਦੀ ਰਿਪੋਰਟ ਜਲਦੀ ਪ੍ਰਾਪਤ ਕੀਤੀ ਜਾ ਸਕੇ।ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਸਿਵਲ ਹਸਪਤਾਲ ਕੋਟਕਪੂਰਾ, ਸਿਵਲ ਹਸਪਤਾਲ ਬਾਜਾਖਾਨਾ, ਸਾਦਿਕ ਆਦਿ ਵਿਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਆਈਸੋਲੇਸ਼ਨ ਵਾਰਡ ਵੀ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਇਕਾਂਤਵਾਸ ਕੇਂਦਰਾਂ ਵਿਚ ਇਕਾਂਤ ਕੀਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਅਤੇ ਉਨ੍ਹਾਂ ਨੂੰ ਵਧੀਆ ਖਾਣਾ, ਵਧੀਆ ਰਿਹਾਇਸ਼ ਅਤੇ ਮਨੋਰੰਜਨ ਦੇ ਸਾਧਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਜ਼ੋ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋ ਰੋਕਿਆ ਜਾਵੇ।