ਫਿਰੋਜ਼ਪੁਰ, 3 ਮਈ 2020 : 10ਵੀਂ ਜਮਾਤ ਵਿਚ ਪੜ੍ਹਦੀ ਇਕ ਲੜਕੀ ਨਾਲ ਜਬਰਦਸਤੀ ਸਰੀਰਿਕ ਸਬੰਧ ਬਣਾਉਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਆਈਪੀਅਸੀ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਲੜਕੀ 10ਵੀਂ ਜਮਾਤ ਵਿਚ ਪੜ੍ਹਦੀ ਹੈ।
ਔਰਤ ਨੇ ਦੋਸ਼ ਲਗਾਇਆ ਕਿ ਮਿਤੀ 3 ਮਾਰਚ 2020 ਨੂੰ ਕਰੀਬ 8 ਵਜੇ ਸਵੇਰੇ ਉਸ ਦੀ ਲੜਕੀ ਸਕੂਲ ਪੜ੍ਹਣ ਗਈ ਤਾਂ ਦੋਸ਼ੀ ਮਿੱਠਣ ਸਮੇਤ ਆਪਣੇ ਭਰਾ ਲਾਡੀ ਪੁੱਤਰਾਨ ਮੁਖਤਿਆਰ ਉਰਫ ਮੁੱਖਾ ਵਾਸੀਅਨ ਨਿਜਾਮ ਵਾਲਾ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਤੇ ਭੈਣ ਛੰਨੋ ਪਤਨੀ ਸੋਨੂੰ ਵਾਸੀ ਸੋਢੀ ਨਗਰ ਥਾਣਾ ਘੱਲਖੁਰਦ, ਫਿਰੋਜ਼ਪੁਰ ਨਾਲ 2 ਮੋਟਰਸਾਈਕਲ ਤੇ ਆਏ ਤੇ ਉਸ ਦੀ ਲੜਕੀ ਨੂੰ ਡਰਾ ਧਮਕਾ ਕੇ ਆਪਣੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਕੈਂਟ ਫਿਰੋਜ਼ਪੁਰ ਬੱਸ ਅੱੜਾ ਲੈ ਆਏ, ਜਿਥੇ ਦੋਸ਼ੀ ਮਿੱਠਣ ਉਸ ਦੀ ਲੜਕੀ ਨੂੰ ਚੰਡੀਗੜ੍ਹ ਵਿਖੇ ਲੈ ਗਿਆ, ਜਿਥੇ ਉਸ ਨੂੰ ਕਰੀਬ ਡੇਢ ਮਹੀਨਾ ਰੱਖਿਆ ਤੇ ਜਬਰਦਸਤੀ ਉਸ ਨਾਲ ਸਰੀਰਿਕ ਸਬੰਧ ਬਣਾਉਂਦਾ ਰਿਹਾ।
ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਸਿਵਲ ਹਸਪਤਾਲ ਵਿਚ ਦਾਖਲ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਦੇ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।