ਹਰਜਿੰਦਰ ਸਿੰਘ ਬਸਿਆਲਾ
30 ਅਪ੍ਰੈਲ ਦੀ ਫਲਾਈਟ ਦੇ ਵਿਚੋਂ ਉਤਾਰੇ ਗਏ ਪਰਿਵਾਰ ਨੂੰ ੩੬,੦੦੦ ਰੁਪਏ ਦੀ ਪਈ ਰਿਹਾਇਸ਼, ਰੋਟੀ ਤੇ ਟੈਕਸੀ
4 ਦਿਨਾਂ ਬਾਅਦ ਹਾਈ ਕਮਿਸ਼ਨ ਤੋਂ ਹੋਇਆ ਕਰਫਿਊ ਪਾਸ ਦਾ ਪ੍ਰਬੰਧ
19,040 ਰੁਪਏ 4 ਦਿਨ ਹੋਟਲ ਦੇ, 10,000 ਰੁਪਏ ਪੰਜਾਬ ਲਈ ਟੈਕਸੀ, 2,700 ਰੁਪਏ 9 ਪੀਸ ਕੱਪੜੇ ਧੁਆਈ 1,357 ਰੁਪਏ ਦਾ ਪੀਜ਼ਾ, 1,035 ਰੁਪਏ ਦੀ ਦਾਲ ਮੱਖਣੀ, 1,003 ਰੁਪਏ ਦਾ ਆਲੂ ਪਰਾਂਠਾ, 365 ਰੁਪਏ ਦਾ ਦੁੱਧ ਬੱਚੇ 400 ML ਅਤੇ 354 ਰੁਪਏ ਦੀ ਦਹੀਂ ਕਟੋਰੀ
ਔਕਲੈਂਡ 03 ਮਈ 2020: ਕਹਿੰਦੇ ਨੇ ਜਦੋਂ ਵਿਅਕਤੀ ਨੂੰ ਗੇੜ ਲਗਦਾ ਹੈ ਤਾਂ ਸਾਰਾ ਕੁੱਝ ਮੁੱਠੀ ਦੇ ਵਿਚ ਆਏ ਹੋਏ ਸੁੱਕੇ ਰੇਤੇ ਦੀ ਤਰ੍ਹਾਂ ਕਿਰ ਜਾਂਦਾ ਹੈ ਜਾਂ ਜਿਵੇਂ ਸੂਰਜ ਦੀ ਟਿੱਕੀ ਵਿਖਣ ਸਾਰ ਹੀ ਕਾਲੇ ਬੱਦਲਾਂ ਵਿਚ ਘਿਰ ਜਾਵੇ ਅਤੇ ਕਿਹੜੇ ਵੇਲੇ ਦੁਪਹਿਰਾ, ਤਰਕਾਲਾਂ ਅਤੇ ਰਾਤਾਂ ਪੂਰੇ ਜੀਵਨ ਨੂੰ ਚੱਕਰਾਂ ਵਿਚ ਬਦਲ ਦੇਣ ਪਤਾ ਹੀ ਨਹੀਂ ਲਗਦਾ। ਇਸੇ ਤਰ੍ਹਾਂ ਦੀ ਘਟਨਾ 30 ਅਪ੍ਰੈਲ ਨੂੰ ਨਿਊਜ਼ੀਲੈਂਡ ਲਈ ਵਿਸ਼ੇਸ਼ ਚਾਰਟਰ ਉਡਾਣ ਫੜ ਕੇ ਆਉਣ ਵਾਲੇ ਇਕ ਨੂਰਮਹਿਲ ਕੋਲ ਦੇ 32-35 ਸਾਲਾ ਪੰਜਾਬੀ ਜੋੜੇ ਅਤੇ ਉਨ੍ਹਾਂ ਦੇ 4 ਸਾਲਾ ਬੇਟੇ ਨਾਲ ਹੋਈ। 29 ਅਪ੍ਰੈਲ ਨੂੰ ਇਹ ਜੋੜਾ ਦੁਪਹਿਰ 1.30 ਵਜੇ ਜਲੰਧਰ ਤੋਂ ਵਿਸ਼ੇਸ਼ ਚਾਰਟਰ ਬੱਸ ਫੜ ਰਾਤ 9 ਕੁ ਵਜੇ ਦਿੱਲੀ ਹਵਾਈ ਅੱਡੇ ਪਹੁੰਚਿਆ। ਫਲਾਈਟ ਦਾ ਸਮਾਂ ਤੜਕੇ ਦੋ ਵਜੇ ਦਾ ਸੀ। ਏਅਰਪੋਰਟ ਬੰਦ ਹੋਣ ਕਰਕੇ ਪਹਿਲਾਂ ਬਾਹਰ ਲਾਈਨਾ, ਫਿਰ ਅੱਗੇ ਲਾਈਨਾਂ, ਫਾਰਮਾਂ ਦੀ ਭਰਾਈ ਅਤੇ ਹੋਰ ਇਮੀਗ੍ਰੇਸ਼ਨ ਆਦਿ ਕਰਵਾ ਕੇ ਇਹ ਜੋੜਾ ਸੁੱਖ-ਸਬੀਲੀ ਜਹਾਜ਼ ਦੇ ਵਿਚ ਬੈਠ ਗਿਆ। 2 ਵਜੇ ਜਹਾਜ਼ ਉਡਣ ਹੀ ਵਾਲਾ ਸੀ ਕਿ ਸਟਾਫ ਇਸ ਜੋੜੇ ਕੋਲ ਆਇਆ ਅਤੇ ਮਹਿਲਾ ਸਵਾਰੀ ਤੋਂ ਪੁੱਛ-ਗਿੱਛ ਕਰਨ ਲੱਗਾ ਕਿ ਤੁਸੀਂ ਬਾਥਰੂਮ ਵਿਚ ਉਲਟੀ ਕੀਤੀ ਹੈ। ਸਵਾਰੀ ਨੇ ਕਿਹਾ ਕਿ ਮੈਂ ਉਲਟੀ ਨਹੀਂ ਕੀਤੀ ਸਿਰਫ ਥੱਕੀ ਹੋਈ ਸੀ ਅਤੇ ਸੀਟਿੰਗ ਬੇਅ ਦੇ ਵਿਚ ਜਹਾਜ਼ ਚੱਲਣ ਤੋਂ ਪਹਿਲਾਂ ਘੁੰਮ ਰਹੀ ਸੀ। ਬਾਥਰੂਮ ਜਾਣਾ ਚਾਹੁੰਦੀ ਸੀ ਪਰ ਉਹ ਪਹਿਲਾਂ ਹੀ ਬਿਜ਼ੀ ਸੀ, ਜਿਸ ਕਰਕੇ ਉਹ ਵਾਪਿਸ ਆ ਗਈ ਸੀ। ਏਅਰ ਕਰੂਅ ਨੇ ਜਹਾਜ਼ ਦੇ ਕੈਪਟਨ ਅਤੇ ਹੋਰ ਸਟਾਫ ਨੂੰ ਇਹ ਗੱਲ ਯਕੀਨੀ ਕਰ ਦਿੱਤੀ ਸੀ ਕਿ ਇਸ ਮਹਿਲਾ ਨੇ ਉਲਟੀ ਕੀਤੀ ਹੈ ਅਤੇ ਕੋਵਿਡ-19 ਦੇ ਚਲਦਿਆਂ ਬਾਕੀ ਸਵਾਰੀਆਂ ਨੂੰ ਖਤਰਾ ਹੋ ਸਕਦਾ ਹੈ। ਇਸ ਜੋੜੇ ਨੇ ਕਾਫੀ ਕੋਸ਼ਿਸ਼ ਕੀਤੀ ਕਿ ਅਜਿਹੀ ਕੋਈ ਗੱਲ ਨਹੀਂ ਹੈ, ਪਰ ਸਟਾਫ ਦੀ ਸੂਈ ਉਨ੍ਹਾਂ ਨੂੰ ਥੱਲੇ ਲਾਹੁਣ 'ਤੇ ਅੜੀ ਰਹੀ। ਜਹਾਜ਼ ਨੂੰ ਲਗਪਗ ਇਕ ਘੰਟਾ ਲੇਟ ਹੋਣਾ ਪੈ ਗਿਆ। ਨਿਊਜ਼ੀਲੈਂਡ ਹਾਈ ਕਮਿਸ਼ਨ ਤੋਂ ਵੀ ਸਟਾਫ ਪਹੁੰਚ ਚੁੱਕਾ ਸੀ। ਕੌਕਿਪਿਟ ਤੋਂ ਕੈਪਟਨ ਸਾਹਿਬ ਬਾਹਰ ਆਏ ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਬਾਹਰ ਨਹੀਂ ਜਾਓਗੇ ਤਾਂ ਇਹ ਜਹਾਜ਼ ਨਹੀਂ ਜਾਵੇਗਾ। ਇਸ ਜੋੜੇ ਨੇ ਇਸ ਗੱਲ ਨੂੰ ਲੈ ਕੇ ਨਰਮੀ ਵਿਖਾਈ ਕਿ ਉਨ੍ਹਾਂ ਕਰਕੇ ਬਾਕੀ 250 ਤੋਂ ਵੱਧ ਸਵਾਰੀਆਂ ਦਾ ਜਾਣਾ ਨਾ ਰੁੱਕ ਜਾਵੇ। ਪਰ ਇਸ ਤੋਂ ਬਾਅਦ ਇਸ ਜੋੜੇ ਨੂੰ ਹੋਰ ਪ੍ਰੇਸ਼ਾਨੀਆਂ ਝੱਲਣੀਆਂ ਪੈ ਗਈਆਂ। ਵਾਪਿਸੀ ਸਮੇਂ ਇਮੀਗ੍ਰੇਸ਼ਨ ਸਟਾਫ ਜਾ ਚੁੱਕਾ ਸੀ। ਇਮੀਗ੍ਰੇਸ਼ਨ ਦੀ ਰਿਵਰਸ ਐਂਟਰੀ ਪੈਣੀ ਸੀ। ਸਟਾਫ ਦੁਬਾਰਾ ਬੁਲਾਇਆ ਗਿਆ। ਜਿਸ ਰਸਤਿਓ ਐਂਟਰੀ ਹੋਈ ਸੀ, ਉਸ ਰਸਤੇ ਦੀ ਥਾਂ ਅਰਾਈਵਲ ਗੇਟ ਵਾਲਾ ਪਾਸਾ ਖੁੱਲ੍ਹਵਾਇਆ ਗਿਆ ਅਤੇ ਪੂਰਾ ਘੁੰਮ ਕੇ ਬਾਹਰ ਪਹੁੰਚਾਇਆ ਗਿਆ। ਨਿਊਜ਼ੀਲੈਂਡ ਹਾਈ ਕਮਿਸ਼ਨ ਦੀ ਡਿਪਟੀ ਨੇ ਇਸ ਜੋੜੇ ਦੀ ਬੇਹੱਦ ਮਦਦ ਕੀਤੀ। ਉਸਨੇ ਕਰਫਿਊ ਪਾਸ ਬਨਾਉਣ ਦਾ ਵਾਅਦਾ ਕੀਤਾ ਅਤੇ ਜੇਕਰ ਮੌਕਾ ਮਿਲਿਆ ਤਾਂ ਅਗਲੇ ਜਹਾਜ਼ ਵਿਚ ਪਹਿਲ ਕਰਨ ਦੀ ਗੱਲ ਕਹੀ। ਹੋਟਲ ਆਦਿ ਲਈ ਵੀ ਸਹਾਇਤਾ ਕੀਤੀ ਗਈ।
ਇਸ ਤੋਂ ਬਾਅਦ ਇਸ ਜੋੜੇ ਨੂੰ ਨੋਵੋਟੈਲ ਹੋਟਲ ਦੇ ਵਿਚ ਠਹਿਰਣਾ ਪਿਆ ਜਿੱਥੇ ਉਸ ਕੋਲੋਂ ਸਵੇਰੇ 4 ਵਜੇ ਦਾਖਲ ਹੋਣ ਦੇ ਬਾਵਜੂਦ ਪਿਛਲੇ ਪੂਰੇ ਦਿਨ ਦੇ ਚੈਕਇਨ ਟਾਈਮ ਹਿਸਾਬ ਨਾਲ ਪੈਸੇ ਵਸੂਲੇ ਗਏ। ਹੋਟਲ ਉਚੇ ਸਟਾਰ ਦਾ ਹੋਣ ਕਰਕੇ ਖਾਣੇ ਦੇ ਭਾਅ ਉਚੇ ਲੋਕਾਂ ਵਾਲੇ ਲੱਗੇ ਜਿਵੇਂ ਦਾਲ ਮੱਖਣੀ 1,035 ਰੁਪਏ, ਰੋਟੀ ਪ੍ਰਤੀ 120 ਰੁਪਏ, ਆਲੂ ਪਰਾਂਠਾ 1,003 ਰੁਪਏ, ਪੀਜ਼ਾ 1,357, ਦੁੱਧ 400 ਐਮ. ਐਲ., 365 ਰੁਪਏ। ਹੋਟਲ ਦਾ ਕਿਰਾਇਆ ਇਕ ਦਿਨ ਦਾ 4,760 ਰੁਪਏ ਆਇਆ। ਇਹ ਸਾਰੇ ਰੇਟ 18% ਟੈਕਸ ਲੱਗਣ ਤੋਂ ਬਾਅਦ ਦੇ ਹਨ। ਸੋ ਕਰ ਕਰਾ ਕੇ ਇਸ ਜੋੜੇ ਦੀ ਜਿੱਥੇ ਫਲਾਈਟ ਅੱਗੇ ਲਈ ਉਡ ਗਈ ਉਥੇ ਪਿੱਛੇ ਪੈਸੇ ਉਡ ਗਏ। ਇੰਡੀਆ ਹੀ ਰਹਿ ਜਾਣ ਦੇ ਬਾਵਜੂਦ ਇਸ ਜੋੜੇ ਦੇ 36,000 ਰੁਪਏ ਬੱਸ ਐਵੇਂ ਹੀ ਲੱਗ ਗਏ। ਪੰਜ ਦਿਨਾਂ ਬਾਅਦ ਅੱਜ ਇਹ ਜੋੜਾ ਆਪਣੇ 4 ਸਾਲਾ ਬੱਚੇ ਪੰਜਾਬ ਤੋਂ ਮੰਗਵਾਈ ਟੈਕਸੀ ਰਾਹੀਂ ਵਾਪਿਸ ਪੰਜਾਬ ਪਰਤ ਗਿਆ ਹੈ। ਜੇਕਰ ਇਹ ਜੋੜਾ ਦਿੱਲੀ ਤੋਂ ਪੰਜਾਬ ਲਈ ਟੈਕਸੀ ਕਰਦਾ ਤਾਂ ਖਰਚਾ 19,000 ਰੁਪਏ ਅਤੇ ਟੈਕਸ ਵੱਖਰਾ ਆਉਣਾ ਸੀ। ਸੁਰੱਖਿਆ ਦੇ ਪੱਖੋਂ ਇਸ ਜੋੜੇ ਦਾ ਨਾਂਅ ਨਹੀਂ ਦਿੱਤਾ ਜਾ ਰਿਹਾ। ਭਾਵੇਂ ਨੌਜਵਾਨ ਨੇ ਸਿੱਧੇ ਤੌਰ 'ਤੇ ਕਿਸੀ ਤਰ੍ਹਾਂ ਦੀ ਮਦਦ ਨਹੀਂ ਮੰਗੀ ਹੈ ਪਰ ਫਿਰ ਵੀ 36,000 ਰੁਪਏ ਚਲੇ ਜਾਣੇ ਅਤੇ ਨਿਊਜ਼ੀਲੈਂਡ ਦੀ ਮਸਾਂ-ਮਸਾਂ ਮਿਲੀ ਫਲਾਈਟ ਦਾ ਛੁੱਟ ਜਾਣਾ ਦਿਲ ਨੂੰ ਬਹੁਤ ਦੁਖਾਉਣ ਵਾਲਾ ਹੈ। ਅਰਦਾਸ ਹੈ ਇਸ ਜੋੜੇ ਦਾ ਵਾਪਿਸ ਨਿਊਜ਼ੀਲੈਂਡ ਪਰਤਣਾ ਜਲਦੀ ਸਾਕਾਰ ਹੋਵੇ।