ਅਸ਼ੋਕ ਵਰਮਾ
ਬਠਿੰਡਾ, 3 ਮਈ 2020 - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਜਗਦੀਸ਼ ਸਿੰਘ ਗੁੰਮਟੀ ਕਲਾਂ ਦੀ ਅਗਵਾਈ ਵਿੱਚ ਕਿਸਾਨ ਆਗੂ ਗੁਰਾ ਸਿੰਘ ਗੁੰਮਟੀ ਕਲਾਂ, ਇੰਦਰਜੀਤ ਸਿੰਘ ਜਲਾਲ, ਸੁਖਦੇਵ ਸਿੰਘ ਢਪਾਲੀ, ਮਲਕੀਤ ਸਿੰਘ ਭਾਈ ਰੂਪਾ, ਸੁਖਦੇਵ ਸਿੰਘ ਭਾਈ ਰੂਪਾ, ਆਤਮਾ ਸਿੰਘ ਭਾਈ ਰੂਪਾ, ਗੁਰਨਾਮ ਸਿੰਘ ਮਹਿਰਾਜ, ਨੋਟਾ ਨੰਬਰਦਾਰ ਭੋਡੀਪੁਰਾ, ਹਰਦੇਵ ਹਾਕਮ ਵਾਲਾ ਆਦਿ ਆਗੂਆਂ ਨੇ ਮੰਡੀਆਂ ’ਚ ਰੁਲ ਰਹੀ ਕਿਸਾਨਾਂ ਦੀ ਫਸਲ ਦਾ ਸਖਤ ਨੋਟਿਸ ਲਿਆ। ਇਸ ਮੌਕੇ ਕਿਸਾਨ ਆਗੂਆਂ ਨੇ ਮੌਸਮ ਅਤੇ ਸਰਕਾਰ ਦੀ ਦੋਹਰੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਵਿਰੋਧ ’ਚ ਨਾਅਰੇਬਾਜੀ ਕੀਤੀ ।
ਆਗੂਆਂ ਨੇ ਦੱਸਿਆ ਕਿ ਲੌਕਡਾਊਨ ਕਾਰਨ ਪਹਿਲਾਂ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਮੰਡੀਆਂ ਚ ਰੁਲਦੇੇ ਕਿਸਾਨ ਨੂੰ ਪਹਿਲਾਂ ਬੇਮੌਸਮੀ ਬਾਰਿਸ਼ ਤੇ ਗੜਿਆਂ ਨੇ ਝੰਬਿਆ ਹੈ ਤੇ ਹੁਣ ਸਰਕਾਰ ਪ੍ਰੇਸ਼ਾਨੀਆਂ ਵਧਾ ਰਹੀ ਹੈ । ਉਨਾਂ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ, ਲਿਫਟਿੰਗ ਨਾ ਹੋਣ ਕਾਰਨ ਅਤੇ ਵਿਕੀ ਹੋਈ ਫਸਲ ਦੀ ਅਦਾਇਗੀ ਨਾ ਹੋਣ ਦੀ ਸਮੱਸਿਆ ਦੇ ਨਾਲ ਹੁਣ ਕੇਂਦਰ ਸਰਕਾਰ ਵੱਲੋਂ ਕਮਜ਼ੋਰ ਦਾਣਿਆਂ ’ਤੇ 4 ਤੋਂ 25 ਰੁਪਏ ਪ੍ਰਤੀ ਕੁਇੰਟਲ ਕੱਟ ਕਰਨ ਦੇ ਫਰਮਾਨ ਨੇ ਨਵੀ ਆਰਥਿਕ ਸਮੱਸਿਆ ਖੜੀ ਕੀਤੀ ਹੈ । ਕਿਸਾਨ ਆਗੂਆਂ ਨੇ ਪੈਸੇ ਕੱਟਣ ਦਾ ਫੈਸਲਾ ਤੁਰੰਤ ਵਾਪਸ ਲੈਕੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ । ਆਗੂਆਂ ਨੇ ਆਖਿਆ ਕਿ ਜੇਕਰ ਇਹੋ ਵਤੀਰਾ ਜਾਰੀ ਰਿਹਾ ਤਾਂ ਸੰਘਰਸ਼ ਬਾਰੇ ਵਿਚਾਰ ਕੀਤਾ ਜਾਏਗਾ।