ਹਰੀਸ਼ ਕਾਲੜਾ
- ਪੱਤਰਕਾਰਾਂ ਦੀ ਅਜ਼ਾਦੀ ਤੇ ਸੁਰੱਖਿਆ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ:-ਤਿਵਾੜੀ
ਰੂਪਨਗਰ, 3 ਮਈ 2020: ਅੱਜ ਜ਼ਿਲ੍ਹਾ ਪ੍ਰੈਸ ਕਲੱਬਜ਼ ਐਸੋਸੀਏਸ਼ਨ ਵੱਲੋਂ ਵੀਡੀਓ ਕਾਨਫਰੰਸਿੰਗ ਰਾਂਹੀ ਵਿਸ਼ਵ ਪ੍ਰੈਸ ਅਜ਼ਾਦੀ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਮੌਜੂਦਾ ਸਾਂਸਦ ਮਨੀਸ਼ ਤਿਵਾੜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਜ਼ਿਲ੍ਹੇ ਭਰ ਦੇ ਸਮੂਹ ਪ੍ਰੈਸ ਕਲੱਬਾਂ ਦੇ ਕਰੀਬ ਪੰਜ ਦਰਜਨ ਪੱਤਰਕਾਰਾਂ ਨੇ ਵੀਡੀਓ ਕਾਨਫਰੰਸਿੰਗ 'ਚ ਸ਼ਿਰਕਤ ਕੀਤੀ। ਸੰਖੇਪ ਤੇ ਪ੍ਰਭਾਵਸ਼ਾਲੀ ਵੀਡੀਓ ਕਾਨਫਰੰਸਿੰਗ ਦੀ ਸ਼ੁਰੂਆਤ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬਹਾਦਰਜੀਤ ਸਿੰਘ ਵੱਲੋਂ ਸਮੂਹ ਪੱਤਰਕਾਰਾਂ ਦਾ ਸੁਆਗਤ ਕੀਤਾ ਗਿਆ ਅਤੇ ਸਾਂਸਦ ਮਨੀਸ਼ ਤਿਵਾੜੀ ਨੂੰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਗਿਆ। ਉਪਰੰਤ ਬਹਾਦਰਜੀਤ ਸਿੰਘ ਨੇ ਵਿਸ਼ਵ ਪ੍ਰੈਸ ਅਜ਼ਾਦੀ ਦਿਹਾੜੇ ਦੇ ਇਤਿਹਾਸ ਤੇ ਮਹੱਤਤਾ ਤੋਂ ਸਾਰਿਆਂ ਨੂੰ ਜਾਣੂੰ ਕਰਵਾਇਆ ਗਿਆ।
ਆਪਣੇ ਸੰਬੋਧਨ ਵਿੱਚ ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਦਾ ਦਿਹਾੜਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਸਮੁੱਚਾ ਵਿਸ਼ਵ ਵੀ ਲਾਕਡਾਊਨ 'ਚ ਘਿਰਿਆ ਹੋਇਆ ਹੈ। ਪਰ ਸਾਨੂੰ ਅਜਿਹੇ ਮੌਕੇ ਤੇ ਉਨ੍ਹਾਂ ਬਹਾਦਰ ਸੂਰਮਿਆਂ ਨੂੰ ਸਲਾਮ ਕਰਨਾ ਬਣਦਾ ਹੈ ਜੋ ਆਪਣੀ ਤੇ ਪਰਿਵਾਰਾਂ ਦੀ ਜਾਨ ਦੀ ਪ੍ਰਵਾਹ ਕੀਤਿਆਂ ਬਿਨਾਂ ਕਰੋਨਾ ਮਹਾਂਮਾਰੀ ਨਾਲ ਸਬੰਧਿਤ ਵਡਮੁੱਲੀ ਜਾਣਕਾਰੀ ਆਮ ਜਨਤਾ ਦੇ ਸਨਮੁੱਖ ਪੇਸ਼ ਕਰ ਰਹੇ ਹਨ।
ਤਿਵਾੜੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਕੰਮ ਕਰਨ ਵਾਲੇ ਪੱਤਰਕਾਰਾਂ ਦੀ ਅਜ਼ਾਦੀ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਗੱਲ ਦਾ ਫਿਕਰ ਨਾ ਰਹੇ ਕਿ ਜੇਕਰ ਉਨ੍ਹਾਂ ਦੀ ਨੌਕਰੀ 'ਤੇ ਕੋਈ ਬਿਪਤਾ ਆਉਂਦੀ ਹੈ ਤਾਂ ਉਨ੍ਹਾਂ ਦਾ ਗੁਜ਼ਰ ਬਸਰ ਅਸਾਨੀ ਨਾਲ ਚੱਲ ਸਕੇ। ਤਿਵਾੜੀ ਨੇ ਵਰਖਾ ਦੱਤ ਵਰਗੇ ਨਿਡਰ ਤੇ ਨਿਧੱੜਕ ਪੱਤਰਕਾਰਾਂ ਦੀ ਉਦਾਰਹਨ ਦਿੰਦੇ ਹੋਏ ਕਿਹਾ ਕਿ ਅੱਜ ਖੁਸ਼ੀ ਵਾਲੀ ਗੱਲ ਹੈ ਕਿ ਜ਼ਿਲ੍ਹਾ ਰੂਪਨਗਰ ਦੇ ਸਮੂਹ ਪੱਤਰਕਾਰਾਂ ਨੇ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮੌਕੇ ਵਿਸ਼ੇਸ਼ ਉੱਦਮ ਕਰਕੇ ਇਸ ਕਾਨਫਰੰਸ ਦਾ ਉਪਰਾਲਾ ਕੀਤਾ ਹੈ।