ਜਗਮੀਤ ਸਿੰਘ
ਭਿੱਖੀਵਿੰਡ, 3 ਮਈ 2020 - ਪਿੰਡ ਲਾਖਣਾ ਦੇ ਜਗਰੂਪ ਸਿੰਘ ਦੀ ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਵਿਚ ਮੌਤ ਹੋ ਜਾਣ ਤੋਂ ਬਾਅਦ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਸੁਖਬੀਰ ਸਿੰਘ ਟਿੱਕਾ, ਇੰਦਰਜੀਤ ਸਿੰਘ ਸੰਧੂ ਨਾਰਲੀ ਮ੍ਰਿਤਕ ਨੌਜਵਾਨ ਦੇ ਘਰ ਵਿਖੇ ਪਹੁੰਚੇਂ। ਮ੍ਰਿਤਕ ਜਗਰੂਪ ਸਿੰਘ ਦੇ ਪਿਤਾ ਗੁਰਪਾਲ ਸਿੰਘ, ਚਾਚਾ ਗੁਰਲਾਲ ਸਿੰਘ, ਚਾਚਾ ਇਕਬਾਲ ਸਿੰਘ, ਦਾਦਾ ਭੋਲਾ ਸਿੰਘ ਆਦਿ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਰਨਜੀਤ ਸਿੰਘ ਮਿੱਠਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੈਲਬੋਰਨ ਸ਼ਹਿਰ ਵਿਚ ਰਹਿੰਦੇ ਉਹਨਾਂ ਦੇ ਛੋਟੇ ਭਰਾ ਸੁਖਬੀਰ ਸਿੰਘ ਸੰਧੂ ਮਾੜੀਮੇਘਾ ਕੇਸ ਦੀ ਪੈਰਵੀ ਕਰ ਰਹੇ ਹਨ ਅਤੇ ਥੋੜੇ ਦਿਨਾਂ ਤੱਕ ਮ੍ਰਿਤਕ ਨੌਜਵਾਨ ਦੀ ਲਾਸ਼ ਭਾਰਤ ਆ ਜਾਵੇਗੀ।
ਮਿੱਠਾ ਮਾੜੀਮੇਘਾ ਨੇ ‘ਪ੍ਰੈਸ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੜੀ ਦੁਖਦਾਈ ਘਟਨਾ ਹੈ ਕਿ ਮਾਪਿਆਂ ਦਾ ਇਕਲੋਤਾ ਪੁੱਤਰ ਜਗਰੂਪ ਸਿੰਘ ਆਪਣੇ ਪੈਰਾਂ ਦੇ ਖੜਾ ਹੋਣ ਲਈ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਗਿਆ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਵਾਪਸ ਨਹੀ ਆਵੇਗਾ। ਉਹਨਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਮ੍ਰਿਤਕ ਜਗਰੂਪ ਸਿੰਘ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸੇ ਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ। ਇਸ ਮੌਕੇ ਸਰਪੰਚ ਸੁਖ ਨਿਰੰਜਣ ਸਿੰਘ, ਸਮਾਜਸੇਵੀ ਪ੍ਰਲਾਦ ਸਿੰਘ ਆਦਿ ਹਾਜਰ ਸਨ।
ਅਗਲੇ ਹਫਤੇ ਤੱਕ ਜਗਰੂਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਆਵੇਗੀ : ਸੁਖਬੀਰ ਸੰਧੂ
ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਵਿਚ ਮ੍ਰਿਤਕ ਜਗਰੂਪ ਸਿੰਘ ਦੇ ਕੇਸ ਦੀ ਪੈਰਵੀ ਕਰ ਰਹੇ ਆਸਟ੍ਰੇਲੀਆ ਉਵਰਸੀਜ ਕਾਂਗਰਸ ਦੇ ਵਾਈਸ ਪ੍ਰਧਾਨ ਸੁਖਬੀਰ ਸਿੰਘ ਸੰਧੂ ਮਾੜੀਮੇਘਾ ਨੇ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਬੁੱਧਵਾਰ ਤੱਕ ਭਾਰਤੀ ਕੌਸ਼ਲਰ ਜਨਰਲ ਨੂੰ ਸੌਪ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਭਾਰਤ ਆਉਣ ਵਾਲੀਆਂ ਫਲਾਈਟਾਂ ਦਾ ਪਤਾ ਲਗਾ ਕੇ ਅਗਲੇ ਹਫਤੇ ਤੱਕ ਮ੍ਰਿਤਕ ਦੇਹ ਨੂੰ ਹਵਾਈ ਜਹਾਜ ਰਾਂਹੀ ਅੰਮ੍ਰਿਤਸਰ ਜਾਂ ਦਿੱਲੀ ਏਅਰਪੋਰਟ ਭੇਜ ਦਿੱਤਾ ਜਾਵੇਗਾ। ਸੁਖਬੀਰ ਸਿੰਘ ਸੰਧੂ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਕੇਸ ਦੀ ਜੋ ਵੀ ਜਾਂਚ-ਪੜਤਾਲ ਕੀਤੀ ਗਈ ਹੈ, ਉਹ ਭਾਰਤੀ ਦੂਤਘਰ ਤੇ ਪਰਿਵਾਰ ਨੂੰ ਈਮੇਲ ਕਰ ਦਿੱਤੀ ਜਾਵੇਗੀ।