ਅਸ਼ੋਕ ਵਰਮਾ
- ਬਠਿੰਡਾ ਸ਼ਹਿਰ ਦਾ ਵੱਡਾ ਹਿੱਸਾ ਬਣਿਆ ਟਾਪੂ
ਬਠਿੰਡਾ, 5 ਮਈ 2020 - ਬਠਿੰਡਾ ਪੱਟੀ ’ਚ ਪਈ ਮੋਹਲੇਧਾਰ ਬਾਰਸ਼ ਨੇ ਕਿਸਾਨਾ ਦੀਆਂ ਆਸਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਭਾਵੇਂ ਪੰਜਾਬ ਸਰਕਾਰ ਕਣਕ ਦੀ ਸਹੀ ਖਰੀਦ ਕਰਨ ਦੇ ਦਾਅਵੇ ਕਰਦੀ ਆ ਰਹੀ ਹੈ ਪਰ ਤਾਜ਼ਾ ਸਥਿਤੀ ਇਹ ਹੈ ਕਿ ਜ਼ਿਲ੍ਹਾ ਬਠਿੰਡਾ ਦੀਆਂ ਮੰਡੀਆਂ ’ਚ ਕਣਕ ਦੇ ਭਰੇ ਗੱਟਿਆਂ ਦੇ ਅੰਬਾਰ ਲੱਗੇ ਪਏ ਹਨ। ਕਣਕ ਨੂੰ ਭਿੱਜਦਿਆਂ ਦੇਖ ਕਿਸਾਨ ਚਿੰਤਾ ’ਚ ਡੁੱਬ ਗਏ ਹਨ। ਬਠਿੰਡਾ ਜ਼ਿਲ੍ਹੇ ਵਿੱਚ ਸ਼ਨੀਵਾਰ ਸ਼ਾਮ ਤੱਕ 7 ਲੱਖ 21 ਹਜਾਰ 697 ਮੀਟ੍ਰਿਕ ਟਨ ਕਣਕ ਮੰਡੀਆਂ ਵਿਚ ਪੁੱਜੀ ਹੈ ਜਿਸ ਚੋਂ ਬੀਤੀ ਸ਼ਾਮ ਤੱਕ 6.94 ਲੱਖ ਮੀਟ੍ਰਿਕ ਟਨ ਕਣਕ ਖ਼ਰੀਦ ਏਜੰਸੀਆਂ ਨੇ ਖ਼ਰੀਦੀ ਹੈ। ਇਸ ਚੋਂ 4,67,080 ਮੀਟ੍ਰਿਕ ਟਨ ਕਣਕ ਦੀ ਲਿਫ਼ਟਿੰਗ ਵੀ ਮੰਡੀਆਂ ਵਿਚੋਂ ਕੀਤੀ ਜਾ ਚੁੱਕੀ ਹੈ।
ਅੱਜ ਦੀ ਆਮਦ ਮੁਤਾਬਕ ਅਨੁਮਾਨ ਲਾਈਏ ਤਾਂ ਜਿਲੇ ਭਰ ’ਚ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਿਆ ਕਰੀਬ 40 ਲੱਖ ਗੱਟਾ ਭਿੱਜ ਗਿਆ ਹੈ ਜਦੋਂਕਿ ਖਰੀਦ ਕੇਂਦਰਾਂ ਵਿੱਚ ਮੌਜੂਦ ਕਣਕ ਇਸ ਤੋਂ ਵੱਖਰੀ ਹੈ ਜੋ ਭਿੱਜੀ ਹੈ। ਅੱਜ ਪਈ ਤੇਜ਼ ਬਾਰਸ਼ ਕਾਰਨ ਖਰੀਦ ਕੇਂਦਰਾਂ ਵਿੱਚ ਪਈ ਇਹ ਕਣਕ ਭਿੱਜਦੀ ਰਹੀ ਅਤੇ ਕਿਸਾਨ ਬੇਵੱਸ ਹੋਏ ਦੇਖਦੇ ਰਹੇ। ਇਸ ਜ਼ਿਲ੍ਹੇ ਵਿੱਚ ਵਿੱਚ ਲਿਫਟਿੰਗ ਦਾ ਕੰਮ ਪਹਿਲੇ ਦਿਨ ਤੋਂ ਹੀ ਮੰਦਾ ਰਿਹਾ ਹੈ ਜਿਸ ਕਰਕੇ ਹਾਲੇ ਵੀ ਇਹ ਅਨਾਜ ਮੰਡੀਆਂ ਵਿੱਚ ਰੁਲ ਰਿਹਾ ਹੈ । ਸਰਕਾਰੀ ਖਰੀਦ ਤਾਂ 15 ਅਪਰੈਲ ਤੋਂ ਸ਼ੁਰੂ ਹੋਈ ਸੀ । ਕਰੋਨਾ ਸੰਕਟ ਕਾਰਨ ਇਸ ਵਾਰ ਵਾਢੀ ਲੇਟ ਹੋਣ ਕਰਕੇ ਮੰਡੀਆਂ ਵਿੱਚ ਕਣਕ ਦੀ ਆਮਦ ਵੀ ਦੇਰੀ ਨਾਲ ਹੀ ਸ਼ੁਰੂ ਹੋਈ ਸੀ। ਸਰਕਾਰੀ ਹਲਕੇ ਆਖਦੇ ਹਨ ਕਿ ਵੱਡੀ ਸਮੱਸਿਆ ਲੇਬਰ ਦੀ ਹੈ, ਜਿਸ ਕਰਕੇ ਹਾਲੇ ਵੀ ਕਣਕ ਦੀ ਫਸਲ ਚੁੱਕੀ ਨਹੀਂ ਜਾ ਸਕੀ ਹੈ ।
ਵੱਡੀ ਗੱਲ ਇਹ ਹੈ ਕਿ ਖਰੀਦ ਕੇਂਦਰਾਂ ਵਿੱਚ ਵੱਡਾ ਡਰ ਮੌਸਮ ਦਾ ਹੈ ਜੋਕਿ ਖਰਾਬ ਹੋ ਗਿਆ ਹੈ। ਬਠਿੰਡਾ ਜ਼ਿਲ੍ਹੇ ਦੀ ਹਰ ਮੰਡੀ ਵਿੱਚ ਵੀ ਬੋਰੀਟਾ ਬਿਨਾਂ ਢਕੀਆਂ ਹੋਈਆ ਹਨ ਜਿਨਾਂ ਨੂੰ ਢਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਫੀ ਗੱਟੇ ਭਿੱਜ ਗਏ । ਕਿਸਾਨ ਪੁੱਛਦੇ ਹਨ ਕਿ ਉਹ ਆਪਣੀ ਜਿਣਸ ਦਾ ਕੀ ਕਰਨ ਜ਼ਿਲੇ ਵਿੱਚ ਐਤਕੀਂ 400 ਤੋਂ ਵੱਧ ਖਰੀਦ ਕੇਂਦਰ ਬਣਾਏ ਹਨ ਜਿਨਾਂ ਵਿੱਚ ਕਿਸਾਨਾਂ ਨੂੰ ਵਿੱਚ ਰੁਲਣਾ ਪੈ ਰਿਹਾ ਹੈ । ਅਧਿਕਾਰੀ ਆਖ ਰਹੇ ਹਨ ਕਿ ਲੇਬਰ ਨਾਂ ਆਉਣ ਕਰਕੇ ਸਮੱਸਿਆ ਬਣੀ ਹੈ। ਸੰਪਰਕ ਕਰਨ ਤੇ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਫੋਨ ਨਹੀਂ ਚੁੱਕਿਆ।
ਵੱਖ ਵੱਖ ਥਾਵਾਂ ਤੇ ਭਰਿਆ ਪਾਣੀ
ਵੱਖ-ਵੱਖ ਥਾਵਾਂ ਤੋਂ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਿਰਕੀ ਬਜਾਰ, ਗੋਨਿਆਣਾ ਰੋਡ, ਮਾਲ ਰੋਡ, ਬੀਬੀ ਵਾਲਾ ਰੋਡ, ਸੌ ਫੁੱਟੀ ਰੋਡ ਅਤੇ ਅਮਰੀਕ ਸਿੰਘ ਰੋਡ ਤੇ ਤਾਂ ਸੁਮੰਦਰ ਵਰਗਾ ਨਜਾਰਾ ਦਿਖਾਈ ਦਿੰਦਾ ਸੀ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਨੂੰ 15 ਸੈਕਟਰਾਂ ’ਚ ਵੰਡਿਆ ਹੋਇਆ ਹੈ। ਪਤਾ ਲੱਗਿਆ ਹੈ ਕਿ ਕੁੱਝ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ ।ਨਗਰ ਨਿਗਮ ਵੱਲੋਂ ਪਾਣੀ ਕੱਢਣ ਵਾਸਤੇ ਮੋਟਰਾਂ ਵੀ ਲਾਈਆਂ ਹੋਈਆਂ ਹਨ ਜੋ ਕਿ ਕਾਰਗਰ ਸਿੱਧ ਨਾ ਹੋ ਸਕੀਆਂ। ਦੇਰ ਸ਼ਾਮ ਤੱਕ ਕਾਫੀ ਥਾਵਾਂ ਤੇ ਪਾਣੀ ਭਰਿਆ ਹੋਇਆ ਸੀ ਅਤੇ ਲੋਕ ਆਪਣੇ ਯਤਨਾਂ ਨਾਲ ਸਥਿਤੀ ਸੰਭਾਲਣ ’ਚ ਲੱਗੇ ਹੋਏ ਸਨ।
ਲਾਈਨੋਪਾਰ ਇਲਾਕਾ ਬਣਿਆ ਟਾਪੂ
ਲਾਈਨੋਪਾਰ ਇਲਾਕੇ ’ਚ ਜਦੋਂ ਐਤਵਾਰ ਨੂੰ ਪਏ ਮੀਂਹ ਕਾਰਨ ਹਾਲਾਤ ਵਿਗੜ ਗਏ ਹਨ ਇਸ ਇਲਾਕੇ ’ਚ ਸੜਕਾਂ ਟਾਪੂ ਬਣੀਆਂ ਪਈਆਂ ਹਨ। ਨਗਰ ਨਿਗਮ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਅਤੇ ਹਕੂਮਤ ਵੀ ਮੂਕਦਰਸ਼ਕ ਹੈ। ਸਾਬਕਾ ਕੌਂਸਲਰ ਹਰਵਿੰਦਰ ਸ਼ਰਮਾ ਨੇ ਆਖਿਆ ਕਿ ਉਹ ਪਹਿਲਾਂ ਤੋਂ ਹੀ ਬਾਰਸ਼ ਦੇ ਪਾਣੀ ਨੂੰ ਕੱਢਣ ਦੀ ਮੰਗ ਕਰਦੇ ਆ ਰਹੇ ਸਨ ਪਰ ਕੋਈ ਸੁਣਵਾਈ ਨਹੀਂ ਹੋਈ ਹੈ । ਸ੍ਰੀ ਸ਼ਰਮਾ ਦਾ ਕਹਿਣਾ ਸੀ ਕਿ ਉਨਾਂ ਨੇ ਨਗਰ ਨਿਗਮ ਦੇ ਹਾਊਸ ਨੂੰ ਵੀ ਸਮੱਸਿਆ ਤੋਂ ਜਾਣੂੰ ਕਰਵਾਇਆ ਸੀ ਤੇ ਅਫਸਰਾਂ ਨੂੰ ਵੀ ਦੱਸਿਆ ਸੀ ਇਸ ਦੇ ਬਾਵਜੂਦ ਸਥਿਤੀ ਦਿਨੋ ਦਿਨ ਵਿਗੜਦੀ ਹੀ ਜਾ ਰਹੀ ਹੈ।
ਲਾਈਨੋਪਾਰ ਦੇ ਅੱਛੇ ਦਿਨ ਆਏ
ਇਲਾਕੇ ਦੇ ਆਗੂ ਸੰਜੀਵ ਕੁਮਾਰ ਉਰਫ ਸੋਨੀ ਪ੍ਰਧਾਨ ਦਾ ਕਹਿਣਾ ਸੀ ਕਿ ਕਾਂਗਰਸ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਰਕਾਰ ਆਉਂਦਿਆਂ ਹੀ ਇਸ ਇਲਾਕੇ ਦੇ ਦਿਨ ਫਿਰਨਗੇ। ਉਨਾਂ ਕਿਹਾ ਕਿ ਇਸ ਤਰਾਂ ਦਿਨ ਫਿਰ ਜਾਣਗੇ ਕਦੇ ਉਨਾਂ ਨੇ ਸੋਚਿਆ ਵੀ ਨਹੀਂ ਸੀ। ਸੋਨੀ ਪ੍ਰਧਾਨ ਦਾ ਪ੍ਰਤੀਕਰਮ ਸੀ ਕਿ ਜਾਪਦਾ ਹੈ ਕਿ ਸ਼ਹਿਰ ਨੂੰ ਇੱਕ ਦਿਨ ਮੀਂਹ ਦੇ ਪਾਣੀ ਨੇ ਹੀ ਡੋਬ ਦੇਣਾ ਹੈ। ਉਨਾਂ ਕਿਹਾ ਕਿ ਵੋਟਾਂ ਵਕਤ ਸਭ ਨੇਤਾ ਹੱਥ ਜੋੜਕੇ ਪਾਣੀ ਦੇ ਨਿਕਾਸ ਦਾ ਦਾਅਵਾ ਕਰਦੇ ਹਨ ਪਰ ਇਸ ਦਿਸ਼ਾ ’ਚ ਕੀਤੇ ਕਿਸੇ ਨੇ ਕੁਝ ਵੀ ਨਹੀਂ ਹੈ।
ਮੋਟਰਾਂ ਚੱਲ ਰਹੀਆਂ ਹਨ:ਐਕਸੀਅਨ
ਨਗਰ ਨਿਗਮ ਬਠਿੰਡਾ ਦੇ ਓਪਰੇਸ਼ਨ ਐਂਡ ਮੇਂਟੀਨੈਂਸ ਸੈਲ ਦੇ ਇੰੰਚਾਰਜ ਐਕਸੀਅਨ ਕਿਸ਼ੋਰ ਬਾਂਸਲ ਦਾ ਕਹਿਣਾ ਸੀ ਕਿ ਮੋਟਰਾਂ ਚੱਲ ਰਹੀਆਂ ਹਨ। ਉਨਾਂ ਦੱਸਿਆ ਕਿ ਮੀਂਹ ਹੋਰ ਨਾਂ ਪਿਆ ਤਾਂ ਰਾਤ 12 ਵਜੇ ਤੱਕ ਸਥਿਤੀ ਆਮ ਵਰਗੀ ਹੋ ਜਾਏਗੀ। ਉਨਾਂ ਆਖਿਆ ਕਿ ਮੋਟਰਾਂ ਦੀ ਇੱਕ ਸਮਰੱਥਾ ਹੈ ਜਦੋਂਕਿ ਬਾਰਸ਼ ਦੀ ਨਹੀਂ ਜੋ ਸਮੱਸਿਆ ਦਾ ਕਾਰਨ ਬਣਦੀ ਹੈ।