ਅਸ਼ੋਕ ਵਰਮਾ
- ਮਹਿਤਾ ’ਚ ਨੀਲੇ ਕਾਰਡਾਂ ਨੂੰ ਲੈਕੇ ਇੰਸਪੈਕਟਰ ਤੇ ਦੋਸ਼
ਬਠਿੰਡਾ, 3 ਮਈ 2020 - ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਤਾ ’ਚ ਕੁੱਝ ਪਰਿਵਾਰਾਂ ਨੇ ਨੀਲੇ ਕਾਰਡ ਹੋਣ ਦੇ ਬਾਵਜੂਦ ਫੂਡ ਸਪਲਾਈ ਇੰਸਪੈਕਟਰ ਅਤੇ ਡਿਪੂ ਹੋਲਡਰ ਤੇ ਕਣਕ ਹੜੱਪਣ ਦੇ ਦੋਸ਼ ਲਾਏ ਹਨ। ਇਨ੍ਹਾਂ ਲਾਭਾਪਤਰੀਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸ਼ਿਕਾਇਤ ਦਿੱਤੀ ਹੈ। ਸ਼ਕਾਇਤ ’ਚ ਸਬੰਧਤ ਵਿਅਕਤੀਆਂ ਖਿਲਾਫ ਕਾਰਵਾਈ ਅਤੇ ਕਣਕ ਦਿਵਾਉਣ ਦੀ ਮੰਗ ਕੀਤੀ ਹੈ। ਇਸ ਪੱਤਰ ਦੀ ਇੱਕ ਕਾਪੀ ਮੁੱਖ ਮੰਤਰੀ ਅਤੇ ਖੁਰਾਕ ਮੰਤਰੀ ਨੂੰ ਵੀ ਭੇਜੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਫਿਰ ਤੋਂ ਆਟਾ ਦਾਲ ਸਕੀਮ ਦੇ ਯੋਗ ਲਾਭਪਾਤਰੀਆਂ ਦੀ ਸ਼ਿਨਾਖਤ ਲਈ ਪੜਤਾਲ ਦੇ ਬਹਾਨੇ ਨੀਲੇ ਕਾਰਡਾਂ ਤੇ ਚਲਾਏ ਕੁਹਾੜੇ ਉਪਰ ਪੱਖਪਾਤ ਦੇ ਇਲਜਾਮਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਲਾਭਪਾਤਰੀਆਂ ਦਾ ਪ੍ਰਤੀਕਰਮ ਹੈ ਕਿ ਉਹ ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਪਹਿਲਾਂ ਦੇ ਕਾਰਡ ਬਣੇ ਹੋਏ ਹਨ ਫਿਰ ਵੀ ਇਸ ਵਾਰ ਦੀ ਪੜਤਾਲ ’ਚ ਇਨ੍ਹਾਂ ਕਾਰਡਾਂ ਨੂੰ ਕੱਟ ਦਿੱਤਾ ਦੱਸਿਆ ਜਾ ਰਿਹਾ ਹੈ। ਮਹਿਲਾ ਜਸਵੀਰ ਕੌਰ ਨੇ ਕਿਹਾ ਕਿ ਉਹ ਦੋ ਦਰਜਨ ਪ੍ਰੀਵਾਰ ਹਨ ਜੋਕਿ ਕਣਕ ਨੂੰ ਤਰਸੇ ਪਏ ਹਨ। ਉਨ੍ਹਾਂ ਕਿਹਾ ਕਿ ਪੜਤਾਲ ਦੇ ਬਹਾਨੇ ਯੋਗ ਪ੍ਰੀਵਾਰਾਂ ਦੇ ਕਾਰਡਾਂ ਤੇ ਕੈਂਚੀ ਚਲਾ ਦਿੱਤੀ ਹੈ ਜਿਸ ਕਰਕੇ ਇੰਨਾਂ ਲੋਕਾਂ ਦੇ ਪੀਪੇ ਵੀ ਅਨਾਜ ਵੱਲੋਂ ਖਾਲੀ ਖੜਕ ਰਹੇ ਹਨ ਪਿੰਡ ਵਾਸੀ ਮਹਿਲਾ ਕੁਲਦੀਪ ਕੌਰ ਦਾ ਕਹਿਣਾ ਸੀ ਕਿ ਇੰਸਪੈਕਟਰ ਉਨਾਂ ਨੂੰ ਕਣਕ ਨਹੀਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਉਨਾਂ ਨੂੰ ਇਹ ਵੀ ਨਹੀਂ ਜਾਣਕਾਰੀ ਦੇ ਰਿਹਾ ਕਿ ਆਖਰ ਉਨ੍ਹਾਂ ਦੇ ਕਾਰਡ ਕਿਓਂ ਕੱਟੇ ਗਏ ਹਨ।
ਉਨ੍ਹਾਂ ਆਖਿਆ ਕਿ ਜਾਪਦਾ ਹੈ ਕਿ ਸੋਚੀ ਸਮਝੀ ਸਾਜਿਸ਼ ਤਹਿਤ ਗਰੀਬ ਪ੍ਰੀਵਾਰਾਂ ਨੂੰ ਸਸਤੇ ਆਟੇ ਦਾਲ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਬੇਅੰਤ ਕੌਰ ਨੇ ਆਖਿਆ ਕਿ ਸਰਕਾਰ ਨੇ ਚੋਣਾਂ ਮੌਕੇ ਚਾਹ ਪੱਤੀ ਤੇ ਚੀਨੀ ਵੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਕੋਲ ਨੀਲੇ ਕਾਰਡ ਹੋਣ ਦੇ ਬਾਵਜੂਦ ਪਿਛਲੇ ਕਾਫੀ ਸਮੇਂ ਤੋਂ ਆਟਾ-ਦਾਲ ਨੂੰ ਤਰਸ ਰਹੇ ਹਨ। ਉਨਾਂ ਆਖਿਆ ਕਿ ਉਹ ਤਾਂ ਪਹਿਲਾਂ ਤੋਂ ਹੀ ਆਰਥਿਕ ਮੰਦਵਾੜੇ ਦੀ ਮਾਰ ਹੇਠ ਆਏ ਹੋਏ ਸਨ ਤੇ ਹੁਣ ਰੁਜਗਾਰ ਠੱਪ ਹੋ ਗਿਆ ਹੈ।
ਲਾਭਪਾਤਰੀ ਮਹਿਲਾ ਗੁਰਦੇਵ ਕੌਰ ਨੇ ਦੱਸਿਆ ਕਿ ਬਹੁਤੇ ਗਰੀਬ ਘਰਾਂ ਦੀ ਨਿਰਭਰਤਾ ਹੀ ਸਰਕਾਰੀ ਆਟਾ ਦਾਲ ਸਕੀਮ ‘ਤੇ ਹੀ ਹੈ ਜਿਸ ਨੂੰ ਹਾਸਲ ਕਰਨ ਲਈ ਉਨਾਂ ਨੂੰ ਧੱਕੇ ਖਾਣੇ ਪੈ ਰਹੇ ਹਨ। ਲਾਭਪਾਤਰੀ ਪ੍ਰੀਵਾਰਾਂ ਨੇ ਦੱਸਿਆ ਕਿ ਕਣਕ ਨਾ ਮਿਲਣ ਕਰਕੇ ਦੋ ਡੰਗ ਦੀ ਰੋਟੀ ਦਾ ਜੁਗਾੜ ਮੁਸ਼ਕਲ ਹੋ ਗਿਆ ਹੈ ਉਨਾਂ ਕਿਹਾ ਸੀ ਕਿ ਉਨਾਂ ਨੂੰ ਆਟਾ ਦਾਲ ਦੇਣਾ ਬੰਦ ਕਰ ਦਿੱਤਾ ਹੈ ਤੇ ਜੇਕਰ ਇੰਜ ਹੀ ਰਿਹਾ ਤਾਂ ਕਦੇ ਭੁੱਖ ਹੀ ਸਾਹ ਸੁਕਾ ਦੇਵੇਗੀ। ਹੋਰ ਵੀ ਕਈ ਪੁਰਸ਼ਾਂ ਅਤੇ ਮਹਿਲਾਵਾਂ ਨੇ ਕਣਕ ਨਾਂ ਮਿਲਣ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਆਟਾ ਦਾਲ ਸਕੀਮ ਕਾਫੀ ਸਮੇਂ ਤੋਂ ਪੜਤਾਲ ਵਿੱਚ ੳਲਝੀ ਹੋਈ ਹੈ ਜਿਸ ਦਾ ਖਮਿਆਜਾ ਲੋਕ ਭੁਗਤ ਰਹੇ ਹਨ।
ਦੋਸ਼ ਬੇਬੁਨਿਆਦ: ਇੰਸਪੈਕਟਰ
ਖੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਨੇ ਪਿੰਡ ਮਹਿਤਾ ਦੇ ਲੋਕਾਂ ਵੱਲੋਂ ਲਾਏ ਇਲਜਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨਾਂ ਆਖਿਆ ਕਿ ਕਣਕ ਵਗੈਰਾ ਦੀ ਵੰਡ ਸਭ ਦੇ ਸਾਹਮਣੇ ਸਾਂਝੇ ਥਾਂ ਤੇ ਕੀਤੀ ਜਾਂਦੀ ਹੈ। ਉਨਾਂ ਆਖਿਆ ਕਿ ਇੰਨਾਂ ਦੇ ਕਾਰਡ ਪੜਤਾਲ ’ਚ ਕੱਟੇ ਗਏ ਹਨ।