← ਪਿਛੇ ਪਰਤੋ
ਨੌਜਵਾਨ ਵੈਲਫੇਅਰ ਸੁਸਾਇਟੀ ਦੀ ਵਿਸ਼ੇਸ਼ ਪਹਿਲਕਦਮੀ
ਅਸ਼ੋਕ ਵਰਮਾ ਬਠਿੰਡਾ, 04 ਮਈ 2020: ਸ਼ਹਿਰ ਦੀ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਬਠਿੰਡਾ ਸਹਿਰ ਦੇ ਮੈਰੀਟੋਰੀਅਸ ਸਕੂਲ ਵਿਚ ਬਣੇ ਇਕਾਂਤਵਾਸ ਕੇਂਦਰ ਵਿਚ ਠਹਿਰੇ ਕੁਝ ਸ਼ਰਧਾਲੂਆਂ ਦੀ ਫਰਮਾਇਸ਼ ਤੇ ਕੜਾਹ ਪ੍ਰਸ਼ਾਦ ਪੇਸ਼ ਕੀਤਾ। ਜਦੋਂ ਪ੍ਰਸ਼ਾਸ਼ਨ ਕੋਲ ਇਹ ਫਰਮਾਇਸ਼ ਕੀਤੀ ਤਾਂ ਅਧਿਕਾਰੀਆਂ ਨੇ ਫੈਸਲਾ ਕੀਤਾ ਕਿ ਸਿਰਫ ਮੰਗ ਕਰਨ ਵਾਲਿਆਂ ਨੂੰ ਹੀ ਨਹੀਂ ਸਗੋਂ ਸ਼ਹਿਰ ਵਿਚ ਬਣੇ ਦੋਨੋਂ ਇਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਸਾਰੇ ਯਾਤਰੀਆਂ ਅਤੇ ਡਾਕਟਰੀ ਅਮਲੇ ਨੂੰ ਕੜਾਹ ਪ੍ਰਸਾਦ ਦੀ ਦੇਗ ਖੁਆਈ ਜਾਵੇ। ਇਸ ਮੌਕੇ ਜਿਲਾ ਪ੍ਰਸ਼ਾਸ਼ਨ ਦੀ ਅਪੀਲ ਤੇ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 300 ਲੋਕਾਂ ਨੂੰ ਰਾਤ ਦੇ ਖਾਣੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਦਿੱਤੀ ਗਈ। ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਹਨ ਕਿ ਸਰਕਾਰੀ ਇਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਨਾਂ ਨੇ ਦੱਸਿਆ ਕਿ ਬਠਿੰਡਾ ਵਿਚ ਮੈਰੀਟੋਰੀਅਸ ਸਕੂਲ ਅਤੇ ਆਈਐਚਐਮ ਵਿਖੇ ਇਕਾਂਤਵਾਸ ਕੇਂਦਰ ਬਣਾਏ ਜਿੰਨਾਂ ਵਿਚ ਰਹਿ ਰਹੇ ਸਮੂਹ ਯਾਤਰੀਆਂ ਦੀਆਂ ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਐਸਡੀਐਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਜ਼ੋ ਇੰਨਾਂ ਕੇਂਦਰਾਂ ਦੀ ਨਿਗਰਾਨੀ ਕਰ ਰਹੇ ਹਨ ਨੇ ਦੱਸਿਆ ਕਿ ਬੀਤੀ ਸ਼ਾਮ ਕੁੱਝ ਸ਼ਰਧਾਲੂਆਂ ਨੇ ਕੜਾਹ ਪ੍ਰਸਾਦ ਖਾਣ ਦੀ ਇੱਛਾ ਜਾਹਿਰ ਕੀਤੀ ਸੀ ਜਿਸ ਤੇ ਅਸੀਂ ਸਮੂਹ ਯਾਤਰੀਆਂ ਲਈ ਹੀ ਇਸ ਦੀ ਵਿਵਸਥਾ ਕੀਤੀ। ਮੈਰੀਟੋਰੀਅਸ ਸਕੂਲ ਅਤੇ ਆਈਐਚਐਮ ਵਿਖੇ ਇਕਾਂਤਵਾਸ ਵਿਚ ਰੱਖੇ ਸਾਰੇ ਯਾਤਰੀਆਂ ਨੇ ਕਿਹਾ ਕਿ ਉਨਾਂ ਨੂੰ ਇੱਥੇ ਘਰ ਵਰਗਾ ਖਾਣਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਯਾਤਰੀਆਂ ਦੇ ਭੋਜਨ ਦੇ ਨਾਲ ਨਾਲ ਉਨਾਂ ਦੇ ਬੱਚਿਆਂ ਲਈ ਖੁਰਾਕ ਤੇ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾਂਦੀ ਹੈ । ਉਨਾਂ ਦੱਸਿਆ ਕਿ ਬੱਚਿਆਂ ਲਈ ਵੱਖਰੇ ਤੌਰ ਤੇ ਦੁੱਧ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
Total Responses : 266