20 ਹਜ਼ਾਰ ਲੀਟਰ ਸਮਰੱਥਾ ਦਾ ਟਰੱਕ ਰੋਜ਼ਾਨਾ 100 ਕਿਲੋਮੀਟਰ ਛਿੜਕਾਅ ਕਰੇਗਾ
ਵਿਧਾਇਕ ਅੰਗਦ ਸਿੰਘ ਵੱਲੋਂ ਸ਼ਹਿਰ ਵਾਸੀਆਂ ਦੀ ਤਰਫੋਂ ਕੀਤਾ ਗਿਆ ਧੰਨਵਾਦ
ਨਵਾਂਸ਼ਹਿਰ, 04 ਮਈ 2020: ਸਾਬਕਾ ਮੰਤਰੀ ਅਤੇ ਐਮ ਐਲ ਏ ਕਪੂਰਥਲਾ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਨਵਾਂਸ਼ਹਿਰ ਸਬ ਡਵੀਜ਼ਨ ਵਾਸਤੇ ਆਪਣੀ ਮਿੱਲ ਦੀ ਤਰਫੋਂ ਐਮ ਐਲ ਏ ਅੰਗਦ ਸਿੰਘ ਨੂੰ ਸੈਨੇਟਾਈਜ਼ਰ ਦਾ ਟਰੱਕ ਭੇਟ ਕੀਤਾ ਗਿਆ।
ਉਨ੍ਹਾਂ ਇਸ ਮੌਕੇ ਆਖਿਆ ਕਿ ਉਹ ਇਸ ਮੁਸ਼ਕਿਲ ਦੀ ਘੜੀ ’ਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਸਹਿਯੋਗ ’ਚ ਆਪਣੇ ਵਿੱਤ ਅਨੁਸਾਰ ਵੀ ਆਪਣੀ ਸਮਾਜਿਕ ਜ਼ਿੰਮੇਂਵਾਰੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਟਰੱਕ ’ਚ 20000 ਲਿਟਰ ਸੈਨੇਟਾਈਜ਼ਰ ਹੈ, ਜੋ ਕਿ ਵਿਸ਼ੇਸ਼ ਸਪਰੇਅ ਨੋਜ਼ਲਾਂ ਨਾਲ ਲੈਸ ਹੈ। ਇਹ ਰੋਜ਼ਾਨਾ 100 ਕਿਲੋਮੀਟਰ ਛਿੜਕਾਅ ਦੀ ਸਮਰੱਥਾ ਰੱਖਦਾ ਹੈ ਅਤੇ ਸੈਨੇਟਾਈਜ਼ਰ ਦਾ ਛਿੜਕਾਅ ਮੁਕੰਮਲ ਹੋਣ ਤੱਕ ਇਹ ਟਰੱਕ ਨਵਾਂਸ਼ਹਿਰ ’ਚ ਹੀ ਰਹੇਗਾ।
ਵਿਧਾਇਕ ਅੰਗਦ ਸਿੰਘ ਨੇ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਤੋਂ ਰੋਕਥਾਮ ਲਈ ਆਪਣੀ ਮਿੱਲ ਵੱਲੋਂ ਮੁਫ਼ਤ ਸੈਨੇਟਾਈਜ਼ਰ ਸਪਲਾਈ ਕਰਨ ਦੀ ਵਧੀਆ ਮਿਸਾਲ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਵੀ ਸਾਫ਼-ਸਫ਼ਾਈ ਅਤੇ ਸੈਨੇਟਾਈਜ਼ੇਸ਼ਨ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਨਵਾਂਸ਼ਹਿਰ ਦੇ ਸ਼ਹਿਰਾਂ ਅਤੇ ਪਿੰਡਾਂ ’ਚ ਸੈਨੇਟਾਈਜ਼ੇਸ਼ਨ ਲਗਾਤਾਰ ਕੀਤੀ ਵੀ ਗੲ ਹੈ ਪਰੰਤੂ ਰਾਣਾ ਗੁਰਜੀਤ ਸਿੰਘ ਵੱਲੋਂ ਇਸੇ ਲੜੀ ’ਚ ਦਿੱਤਾ ਸਹਿਯੋਗ ਜਨ ਹਿੱਤ ’ਚ ਹੋਰ ਵੀ ਚੰਗਾ ਕਦਮ ਹੈ।
ਇਸ ਮੌਕੇ ਸਾਬਕਾ ਕੌਂਸਲਰਾਂ ਤੋਂ ਇਲਾਵਾ ਚਮਨ ਸਿੰਘ ਭਾਨ ਮਜਾਰਾ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ, ਰਾਜਿੰਦਰ ਚੋਪੜਾ, ਸ਼ਹਿਰ ਦੇ ਸਾਬਕਾ ਕੌਂਸਲਰ ਤੇ ਹੋਰ ਆਗੂ ਮੌਜੂਦ ਸਨ।