ਰੂਪਨਗਰ, 4 ਮਈ,2020: ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲੋਕ ਸਭਾ ਹਲਕੇ ਚ ਸਿਹਤ ਸੁਵਿਧਾਵਾਂ ਬਾਰੇ ਸਬੰਧਤ ਚਾਰਾਂ ਜਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਮੋਹਾਲੀ ਦੇ ਸਿਵਲ ਸਰਜਨਾਂ ਨਾਲ ਵੀਡੀਓ ਕਾਨਫਰੰਸਿੰਗ ਤੇ ਚਰਚਾ ਕੀਤੀ ਗਈ। ਤਿਵਾੜੀ ਨੇ ਕੋਰੋਨਾ ਖਿਲਾਫ ਲੜਾਈ ਚ ਜਿਥੇ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ, ਉਥੇ ਹੀ ਵਿਭਾਗ ਦੀਆਂ ਲੋੜਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਚਾਰਾਂ ਜਿਲ੍ਹਿਆਂ ਦੇ ਸਿਵਲ ਸਰਜਨਾਂ ਹੁਸ਼ਿਆਰਪੁਰ ਤੋਂ ਡਾ ਜਸਬੀਰ ਸਿੰਘ, ਨਵਾਂਸ਼ਹਿਰ ਤੋਂ ਡਾ ਰਜਿੰਦਰ ਪ੍ਰਸਾਦ ਭਾਟੀਆ, ਮੋਹਾਲੀ ਤੋਂ ਡਾ ਮਨਜੀਤ ਸਿੰਘ ਤੇ ਰੂਪਨਗਰ ਤੋਂ ਡਾ ਐਚਐਨ ਸ਼ਰਮਾ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਵਿਭਾਗ ਕੋਰੋਨਾ ਖਿਲਾਫ ਲੜਾਈ ਲੜ ਰਿਹਾ ਹੈ।
ਜਿਸ ਤੇ ਤਿਵਾੜੀ ਨੇ ਮੈਡੀਕਲ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ ਉਹ ਫਰੰਟ ਲਾਈਨ ਤੇ ਲੜ ਰਹੇ ਹਨ। ਉਨ੍ਹਾਂ ਦੀ ਸਖਤ ਮਿਹਨਤ ਦਾ ਹੀ ਨਤੀਜਾ ਸੀ ਕਿ ਨਵਾਂਸ਼ਹਿਰ ਨੂੰ ਇਕ ਵਾਰ ਕੋਰੋਨਾ ਮੁਕਤ ਕਰ ਦਿੱਤਾ ਸੀ। ਮੈਡੀਕਲ ਸਟਾਫ ਇਸ ਮਹਾਂਮਾਰੀ ਦਾ ਕੋਈ ਇਲਾਜ ਨਾ ਹੋਣ ਦੇ ਬਾਵਜੂਦ ਵੀ ਦਿਨ ਰਾਤ ਮਿਹਨਤ ਕਰ ਰਿਹਾ ਹੈ, ਜੋ ਘੰਟਿਆਂ ਡਿਊਟੀ ਕਰਨ ਦੇ ਨਾਲ-ਨਾਲ ਕਈ ਦਿਨਾਂ ਤੱਕ ਪਰਿਵਾਰਾਂ ਨਾਲ ਨਹੀਂ ਮਿਲਦੇ। ਇਸੇ ਤਰ੍ਹਾਂ ਪੀਪੀਈ ਕਿੱਟਾਂ ਦੀ ਘਾਟ ਦਾ ਮੁੱਦਾ ਉਨ੍ਹਾਂ ਕੇਂਦਰ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿੱਤਾ।