← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ 04 ਮਈ 2020: ਸੀਨੀਅਰ ਕਪਤਾਨ ਪੁਲਿਸ, ਮਾਨਸਾ ਡਾ. ਨਰਿੰਦਰ ਭਾਰਗਵ ਨੇ ਜੰਮੂ ਕਸਮੀਰ ਦੇ ਹੰਦਵਾੜਾ ਖੇਤਰ 'ਚ ਅੱਤਵਾਦੀਆਂ ਨਾਲ ਲੜਾਈ ਲੜਦਿਆ ਸ਼ਹੀਦ ਹੋਏ ਮਾਨਸਾ ਜਿਲ੍ਹੇ ਦੇ ਪਿੰਡ ਰਾਜਰਾਣਾ ਦੇ ਵਸਨੀਕ ਰਾਜੇਸ਼ ਕੁਮਾਰ ਦੇ ਪ੍ਰੀਵਾਰ ਨੂੰ ਮਿਲ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਨਾਇਕ ਰਾਜੇਸ਼ ਕੁਮਾਰ 21ਰਾਸ਼ਟਰੀ ਰਾਈਫਲਜ਼ ਵਿੱਚ ਸੇਵਾਵਾਂ ਨਿਭਾ ਰਿਹਾ ਸੀ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਅੱਜ ਉਹ ਪਿੰਡ ਰਾਜਰਾਣਾ ਵਿਖੇ ਸ਼ਹੀਦ ਦੇ ਪਿਤਾ ਰਾਮ ਸਿੰਘ ਅਤੇ ਮਾਤਾ ਸ੍ਰੀਮਤੀ ਵਿਦਾਸੀ ਦੇਵੀ ਨੂੰ ਦੁੱਖ ਸਾਂਝਾ ਕਰਨ ਲਈ ਮਿਲੇ ਜਿੱਥੇ ਪਿੰਡ ਦੇ ਪਤਵੰਤੇ ਵਿਅਕਤੀ, ਸ਼ਹੀਦ ਦਾ ਭਰਾ ਸੁਭਾਸ ਕੁਮਾਰ, ਦੇਵੀ ਲਾਲ ਅਤੇ ਦੋ ਸਾਦੀਸੁਦਾ ਭੈਣਾਂ ਸ਼ਾਮਲ ਸਨ। ਇਸ ਮੌਕੇ ਪ੍ਰੀਵਾਰ ਨੇ ਐਸ.ਐਸ.ਪੀ. ਮਾਨਸਾ ਨੂੰ ਦੱਸਿਆ ਕਿ ਸ਼ਹੀਦ ਨਾਇਕ ਰਾਜੇਸ਼ ਕੁਮਾਰ ਸਾਲ2010 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ 29 ਸਾਲ ਦੀ ਭਰ ਜਵਾਨੀ ਵਿੱਚ ਉਸਨੇ ਆਪਣੀ ਕੀਮਤੀ ਜਾਨ ਦੇਸ ਦੇ ਲੇਖੇ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਕਾਫੀ ਗਰੀਬੀ ਦੀ ਹਾਲਤ ਵਿੱਚ ਥੋੜ੍ਹੀ ਜਿਹੀ ਜਮੀਨ ਠੇਕੇ ਤੇ ਲੈ ਕੇ ਗੁਜਾਰਾ ਕਰ ਰਿਹਾ ਹੈ । ਸ਼ਹੀਦ ਹੀ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ ਜਿਸਨੇ ਇਸੇ ਕਾਰਣ ਅਜੇ ਤੱਕ ਸ਼ਾਦੀ ਵੀ ਨਹੀਂ ਕਰਵਾਈ ਸੀ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਸ਼ਹੀਦ ਨੂੰ ਸਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਇਸ ਸ਼ਹੀਦ ਦੀ ਸਹਾਦਤ ਲਾਸਾਨੀ ਹੈ ਅਤੇ ਇਹ ਦੇਸ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਨੂੰ ਅਜਿਹੇ ਯੋਧਿਆਂ ਤੇ ਹਮੇਸਾ ਮਾਣ ਹੈ ਜੋ ਸਮਾਜ ਅਤੇ ਦੇਸ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਿਊਟੀ ਨਿਭਾਉਂਦੇ ਹਨ ਅਤੇ ਦੇਸ਼ ਤੇ ਸਮਾਜ ਦੀ ਸੇਵਾ ਲਈ ਹਮੇਸਾ ਤਤਪਰ ਰਹਿੰਦੇ ਹਨ। ਉਨ੍ਹਾਂ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਸਹਾਦਤ ਅਤਿਅੰਤ ਕੀਮਤੀ ਹੈ। ਭਾਵੇਂ ਇਹ ਕਦੀ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਪਰ ਉਸਦੀ ਕੁਰਬਾਨੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਫਸੋਸ ਕਰਨ ਦੀ ਬਜਾਏ ਇਸ ਪ੍ਰਤੀ ਮਾਣ ਹੋਣਾ ਚਾਹੀਦਾ ਹੈ। ਐਸ.ਐਸ.ਪੀ. ਮਾਨਸਾ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪੁਲਿਸ ਹਮੇਸਾ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਦੁੱਖ ਤਕਲੀਫ ਦੂਰ ਕਰਨ ਲਈ ਹਮੇਸਾ ਵਚਨਬੱਧ ਰਹੇਗੀ।
Total Responses : 266