ਸਿਹਤ ਮੰਤਰੀ ਵੱਲੋਂ ਬਠਿੰਡਾ ’ਚ ਸਥਿਤੀ ਦਾ ਜਾਇਜਾ
ਅਸ਼ੋਕ ਵਰਮਾ
ਬਠਿੰਡਾ, 04 ਮਈ 2020: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਜਿਲੇ ਦਾ ਦੌਰਾ ਕਰਕੇ ਜਿਲੇ ਵਿਚ ਕੋਵਿਡ ਦੇ ਇਲਾਜ ਪ੍ਰਬੰਧਨ ਅਤੇ ਓਟ ਕਲੀਨਿਕਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਇਸ ਮੌਕੇ ਉਨਾਂ ਨੇ ਕਿਹਾ ਕਿਹਾ ਕਿ ਪੰਜਾਬ ਵਿਚ ਕੋਵਿਡ ਬਿਮਾਰੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਸਾਡੇ ਸਥਾਨਕ ਮਰੀਜਾਂ ਦੀ ਗਿਣਤੀ ਕਾਫੀ ਘੱਟ ਹੈ।ਉਨਾਂ ਨੇ ਕਿਹਾ ਕਿ ਸਰਕਾਰੀ ਇਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਲੋਕਾਂ ਨੂੰ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਹੁਣ ਜੋ ਮਰੀਜਾਂ ਦੀ ਗਿਣਤੀ ਵਿਚ ਇਕ ਦਮ ਵਾਧਾ ਹੋਇਆ ਹੈ ਇਹ ਬਾਹਰੋਂ ਆਏ ਲੋਕਾਂ ਕਰਕੇ ਹੈ, ਪਰ ਕਿਉਂਕਿ ਉਨਾਂ ਨੂੰ ਆਉਂਦਿਆਂ ਹੀ ਇਕਾਂਤਵਾਸ ਕਰ ਲਿਆ ਗਿਆ ਸੀ। ਇਸ ਲਈ ਇਸ ਨਾਲ ਬਿਮਾਰੀ ਦੇ ਇੰਨਾਂ ਤੋਂ ਅੱਗੇ ਪਸਾਰ ਦਾ ਡਰ ਨਹੀਂ ਹੈ ਅਤੇ ਇਹ ਲੋਕ ਛੇਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਜਾਣਗੇ। ਉਨਾਂ ਨੇ ਕਿਹਾ ਕਿ ਇਸ ਸਮੇਂ ਤੱਕ 1232 ਪਾਜਿਟਿਵ ਕੇਸ ਆਏ ਹਨ ਅਤੇ ਇਸ ਸਮੇਂ ਐਕਟਿਵ ਕੇਸ 1081 ਹਨ। ਉਨਾਂ ਨੇ ਕਿਹਾ ਕਿ ਇਕਾਂਤਵਾਸ ਕੇਂਦਰਾਂ ਵਿਚ ਸਰਕਾਰ ਵੱਲੋਂ ਹਰ ਪ੍ਰਕਾਰ ਦੀ ਸਵਿਧਾ ਇੱਥੇ ਰਹਿ ਰਹੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ।
ਇਸੇ ਤਰਾਂ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ ਕਾਰਨ ਲੱਗੇ ਕਰਫਿਊ ਦੌਰਾਨ ਰਾਜ ਵਿਚ ਨਸੇ ਦੇ ਸਪਲਾਈ ਲਾਈਨ ਪੂਰੀ ਤਰਾਂ ਟੁੱਟ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਨਸੇ ਤੋਂ ਪੀੜਤ ਮਰੀਜ ਇਲਾਜ ਲਈ ਸਿਹਤ ਕੇਂਦਰਾਂ ਤੇ ਆ ਰਹੇ ਹਨ। ਉਨਾਂ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਓਟ ਕਲੀਨਿਕਾਂ ਤੇ ਆ ਰਹੇ ਮਰੀਜਾਂ ਦੀ ਚੰਗੀ ਤਰਾਂ ਕਾਉਂਸਲਿੰਗ ਕੀਤੀ ਜਾਵੇ ਤਾਂ ਜ਼ੋ ਉਹ ਦਿ੍ਰੜ ਇੱਛਾ ਸਕਤੀ ਨਾਲ ਆਪਣੀ ਨਸੇ ਦੀ ਆਦਤ ਤੋਂ ਨਿਜਾਤ ਪਾ ਕੇ ਆਮ ਸਹਿਰੀ ਵਰਗੀ ਜਿੰਦਗੀ ਜੀਅ ਸਕਣ।
ਬਾਹਰਲੇ ਰਾਜਾਂ ਤੋਂ ਆਏ ਪੰਜਾਬੀਆਂ ਕਾਰਨ ਕਰੋਨਾ ਮਰੀਜਾਂ ਦੀ ਗਿਣਤੀ ਵਾਧੇ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਦੂਸਰੇ ਰਾਜਾਂ ਤੋਂ ਪੰਜਾਬ ਵਿਚ ਆਉਣ ਵਾਲੇ ਪੰਜਾਬੀ ਸਾਡੇ ਭਰਾ ਹਨ ਅਤੇ ਉਨਾਂ ਦੀ ਦੇਖਭਾਲ ਕਰਨਾ ਸਾਡਾ ਪਹਿਲਾ ਫਰਜ ਬਣਦਾ ਹੈ। ਉਨਾਂ ਕਿਹਾ ਇਹ ਗਲ ਸਹੀ ਹੈ ਕਿ ਪੰਜਾਬ ਹੋਰਨਾ ਰਾਜਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਿਚ ਬਹੁਤ ਹੀ ਵਧੀਆ ਚੱਲ ਰਿਹਾ ਸੀ ਪਰ 7 ਹਜ਼ਾਰ ਬਾਹਰੋਂ ਆਏ ਲੋਕਾਂ ਕਾਰਨ ਕੋਰੋਨਾ ਦੇ ਕੇਸਾਂ ਵਿਚ ਵਾਧਾ ਜ਼ਰੂਰ ਹੋਇਆ ਪਰ ਉਨਾਂ ਲੋਕਾਂ ਨੂੰ ਕਦੇ ਨਾ ਕਦੇ ਦਾ ਘਰ ਵਾਪਸ ਆਉਣਾ ਹੀ ਸੀ। ਉਨਾਂ ਕਿਹਾ ਕਿ ਜਿਆਦਾਤਰ ਲੋਕਾਂ ਦੀ ਸੈਂਪਲਿੰਗ ਹੋ ਚੁੱਕੀ ਹੈ ਅਤੇ ਕੱਲ ਸਾਮ ਤੱਕ ਸਾਰੀ ਸੈਂਪਲਿੰਗ ਹੋਣ ਤੋਂ ਬਾਅਦ ਹਾਲਾਤ ਨਾਰਮਲ ਹੋ ਜਾਣਗੇ।
ਉਨਾਂ ਦੱਸਿਆ ਕਿ ਸੂਬੇ ਵਿੱਚ ਸੈਪਲਾਂ ਦੀ ਟੈਸਟਿੰਗ ਦੀ ਰਫ਼ਤਾਰ ਨੂੰ ਵਧਾਉਣ ਲਈ ਪ੍ਰਾਈਵੇਟ ਲੈਬੋਰਟਰੀ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਵੱਧ ਤੋ ਵੱਧ ਨਮੂਨਿਆਂ ਦੇ ਨਤੀਜੇ ਜਲਦ ਤੋ ਜਲਦ ਲਏ ਜਾਣ ਅਤੇ ਲੋਕਾਂ ਦਾ ਸਮੇ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਉਨਾਂ ਜ਼ਿਲਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਸਮੇਤ ਹੋਰ ਅਧਿਕਾਰਆਂ ਨਾਲ ਮੀਟਿੰਗ ਕਰ ਕੇ ਜ਼ਿਲੇ ਵਿਚ ਮੌਜੂਦਾ ਸਥਿਤੀ ਦਾ ਜਾਇਜਾ ਲਿਆ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਕੋਲ ਕੋਰੋਨਾ ਨਾਲ ਨਿਪਟਨ ਵਾਲੇ ਸੰਸਾਧਨਾ ਦੀ ਕੋਈ ਕਮੀ ਨਹੀਂ ਹੈ। ਉਨਾਂ ਕਿਾ ਕਿ ਪੀਪੀਈ ਕਿੱਟਾਂ, ਮਾਸਕ, ਸੈਨੇਟਾਈਜ਼ਰ, ਡਿਸਇਨਫੈਕਟਿਡ ਸਪਰੇਅ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਾਰੇ ਸੰਸਾਧਨ ਉੱਚਿਤ ਮਾਤਰਾ ਵਿਚ ਉਪਲਬਧ ਹਨ ਅਤੇ ਹਸਪਤਾਲਾਂ ਵਿਚ ਬੈੱਡ ਦੀ ਮਾਤਰਾ ਵਿਚ ਵੀ ਵਾਧਾ ਕੀਤਾ ਗਿਆ ਹੈ।
ਇਸ ਮੋਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ੂ ਨੇ ਅਗਲੀ ਕਤਾਰ ਵਿੱਚ ਕੰਮ ਕਰ ਰਹੇ ਵਰਕਰਾਂ, ਜ਼ਿਲਾ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਉਨਾਂ ਸਾਰੇ ਅਫ਼ਸਰਾਂ ਦੀ ਸ਼ਲਾਘਾ ਕੀਤੀ ਜਿਹੜੇ ਲਗਾਤਾਰ ਕੋਵਿਡ ਖਿਲਾਫ ਲੜਾਈ ਲੜਦੇ ਹੋਏ ਆਪਣਾ ਯੋਗਦਾਨ ਪਾ ਰਹੇ ਹਨ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਬਣਾਈ ਰੱਖਣ। ਆਪਣੇ ਹੱਥ ਵਾਰ ਵਾਰ ਧੋਣ ਅਤੇ ਸੈਨੇਟਾਈਜ਼ਰ ਦੀ ਵਰਤੋ ਕਰਨ। ਇਸ ਮੌਕੇ ਜਿਲੇ ਦੇ ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਨੇ ਜਿਲੇ ਵਿਚ ਕੋਵਿਡ 19 ਦੇ ਇਲਾਜ, ਇਕਾਂਤਵਾਸ ਕੇਂਦਰਾਂ ਅਤੇ ਰਾਹਤ ਕਾਰਜਾਂ ਸਬੰਧੀ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਜਿਲੇ ਦੇ ਐਸ.ਐਸ.ਪੀ. ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਸਿਵਲ ਸਰਜਨ ਡਾ: ਅਮਰੀਕ ਸਿੰਘ ਆਦਿ ਵੀ ਹਾਜਰ ਸਨ।