ਅਸ਼ੋਕ ਵਰਮਾ
ਮਾਨਸਾ 04 ਮਈ 2020: ਜੰਮੂ ਕਸਮੀਰ ਦੇ ਹੰਦਵਾੜਾ ਖੇਤਰ ’ਚ ਅੱਤਵਾਦੀਆਂ ਨਾਲ ਲੜਾਈ ਲੜਦਿਆ ਵੀਰਗਤੀ ਨੂੰ ਪ੍ਰਾਪਤ ਹੋ ਗਏ ਮਾਨਸਾ ਜਿਲੇ ਦੀ ਸਬ ਡਵੀਜ਼ਨ ਸਰਦੂਲਗੜ ਦੇ ਪਿੰਡ ਰਾਜਰਾਣਾ ਦੇ ਵਸਨੀਕ ਐਨ.ਕੇ ਰਾਜੇਸ਼ ਕੁਮਾਰ ਦਾ ਅੱਜ ਫੌਜੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ। ਪਿੰਡ ਵਾਸੀਆਂ ਅਤੇ ਇਲਾਕੇ ਦੇ ਪੰਤਵੰਤੇ ਲੋਕਾਂ ਵੱਲੋਂ ਅਧਿਕਾਰੀਆਂ ਦੀ ਮੌਜੂਦਗੀ ’ਚ ਹੰਝੂਆਂ ਭਰੀ ਵਿਦਾਇਗੀ ਦਿੱਤੀ। ਇਸ ਸਮੇਂ ਫੌਜ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ॥ ਪੰਜਾਬ ਸਰਕਾਰ ਤਰਫੋਂ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਅਤੇ ਐਸਐਸਪੀ ਮਾਨਸਾ ਡਾ ਨਰਿੰਦਰ ਭਾਰਗਵ ਹਾਜਰ ਹੋਏ। ਪਤਾ ਲੱਗਿਆ ਹੈ ਕਿ ਕਰੋਨਾਂ ਵਾਇਰਸ ਕਾਰਨ ਇਕੱਠ ਕਰਨ ਤੇ ਰੋਕਾਂ ਦੇ ਮੱਦੇਨਜ਼ਰ ਅੰਤਮ ਸਸਕਾਰ ਮੌਕੇ ਪ੍ਰੀਵਾਰ ਤੋਂ ਇਲਾਵਾ ਫੌਜੀ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਹਾਜਰ ਸਨ।
ਕੋਵਿਡ-19 ਦੇ ਚੱਲਦਿਆਂ ਸਮਾਜਿਕ ਦੂਰੀ ਦਾ ਵੀ ਖਾਸ ਧਿਆਨ ਰੱਖਿਆ ਗਿਆ। ਆਮ ਲੋਕਾਂ ਨੂੰ ਸ਼ਮਸ਼ਾਨਘਾਟ ਵੱਲ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਸ ਤੋ ਪਹਿਲਾਂ ਸ਼ਹੀਦ ਜਵਾਨ ਦੀ ਪਵਿੱਤਰ ਦੇਹ ਨੂੰ ਇੱਕ ਗੱਡੀ ’ਚ ਲਿਆਂਦਾ ਗਿਆ ਜਿਸ ਤੇ ਸੋਗ ਦਾ ਪ੍ਰਤੀਕ ਕਾਲਾ ਝੰਡਾ ਲਾਇਆ ਹੋਇਆ ਸੀ। ਗੱਡੀ ਦੇ ਅੱਗੇ ਤਿਰੰਗਾ ਝੰਡਾ ਲਹਿਰਾਉਂਦੇ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਕਾਫਲਾ ਚੱਲ ਰਿਹਾ ਸੀ। ਇਸ ਮੌਕੇ ਨੌਜਵਾਨਾਂ ਨੇ ਵੰਦੇ ਮਾਤਰਮ ਅਤੇ ਜਬ ਤੱਕ ਸੂਰਜ ਚਾਂਦ ਰਹੇਗਾ ਰਜੇਸ਼ ਕੁਮਾਰ ਤੇਰਾ ਨਾਮ ਰਹੇਗਾ। ਇਸ ਮੌਕੇ ਤਾਬੂਤ ਵਿੱਚ ਤਿਰੰਗੇ ਝੰਡੇ ਚ ਲਪੇਟ ਕੇ ਲਿਆਂਦੀ ਸ਼ਹੀਦ ਦੀ ਦੇਹ ਨੂੰ ਫੌਜੀ ਜਵਾਨ ਅੰਤਮ ਸਸਕਾਰ ਵਾਲੀ ਥਾਂ ਤੇ ਲੈਕੇ ਗਏ ਜਿੱਥੇ ਸ਼ਹੀਦ ਨੂੰ ਭਾਂਰਤੀ ਫੌਜ ਦੀਆਂ ਰਿਵਾਇਤਾਂ ਮੁਤਾਬਕ ਰੀਥ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਹਾਦਤ ਤੇ ਪਿੰਡ ’ਚ ਸੋਗ ਦਾ ਮਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਪਿੰਡ ਵਾਸੀ ਰਾਜੇਸ਼ ਕੁਮਾਰ ਦੀ ਸ਼ਹੀਦੀ ਤੇ ਮਾਣ ਮਹਿਸ਼ੂਸ ਕਰ ਰਹੇ ਹਨ।
ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੇ ਪਿਤਾ ਸ਼੍ਰੀ ਰਾਮ ਕੁਮਾਰ ਨੇ ਦੱਸਿਆ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਰਾਜੇਸ਼ ਕੁਮਾਰ ਦੀ ਸ਼ਹਾਦਤ ‘ਤੇ ਮਾਣ ਹੈ। ਉਨਾਂ ਦੱਸਿਆ ਕਿ ਰਾਜੇਸ਼ ਕੁਮਾਰ ਫੌਜ ਦੀ ਰਾਸ਼ਟਰੀ ਰਾਇਫਲਜ਼ ਵਿੱਚ ਮਾਰਚ 2010 ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਉਹ ਜੰਮੂ-ਕਸ਼ਮੀਰ ਦੇ ਹੰਦਵਾੜਾ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਥਰੀ ਗਾਰਡ ਰੈਜੀਮੈਂਟ ਵਿੱਚ ਤਾਇਨਾਤ ਸ਼ਹੀਦ ਨਾਇਕ ਰਾਜੇਸ਼ ਕੁਮਾਰ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, 2 ਭਾਈ ਅਤੇ 2 ਭੈਣਾਂ ਨੂੰ ਛੱਡ ਗਿਆ ਹੈ। ਉਨਾਂ ਕਿਹਾ ਕਿ ਦੇਸ਼ ਦੇ ਇਸ ਸੱਚੇ ਸਪੂਤ ਅਤੇ ਉਸ ਦੇ ਪਰਿਵਾਰ ਲਈ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨਾਂ ਕਿਹਾ ਕਿ ਅਜਿਹੇ ਸਪੂਤਾਂ ‘ਤੇ ਦੇਸ਼ ਨੂੰ ਹਮੇਸ਼ਾਂ ਮਾਣ ਰਹੇਗਾ, ਜਿਨਾਂ ਦੀ ਬਦੌਲਤ ਅਸੀਂ ਆਜ਼ਾਦ ਫਿਜ਼ਾ ਵਿੱਚ ਵਿਚਰ ਰਹੇ ਹਾਂ। ਉਨਾਂ ਕਿਹਾ ਕਿ ਇਸ ਦਿਲੇਰ ਅਤੇ ਹਿੰਮਤੀ ਨੌਜਵਾਨ ਦੇ ਸ਼ਹੀਦ ਹੋਣ ‘ਤੇ ਜਿੱਥੇ ਦੁੱਖ ਹੈ, ਉਥੇ ਹੀ ਦੇਸ਼ ਲਈ ਸ਼ਹਾਦਤ ਦੇਣ ਦਾ ਫ਼ਖਰ ਜ਼ਿਆਦਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਰਾਜੇਸ਼ ਕੁਮਾਰ ਨੇ ਦੇਸ਼ ਦੀ ਰੱਖਿਆ ਕਰਦੇ ਆਪਣੀ ਜਾਨ ਦੇਸ਼ ਲਈ ਕੁਰਬਾਨ ਕਰਕੇ ਦੇਸ਼ ਵਿਰੋਧੀ ਤਾਕਤਾਂ ਦਾ ਮੁਕਬਾਲਾ ਕਰਕੇ ਆਪਨੀ ਕੁਰਬਾਨੀ ਦਿੱਤੀ ਹੈ ਜਿਸ ਕਾਰਨ ਦੇਸ਼, ਸੂਬਾ ਪੰਜਾਬ ਅਤੇ ਪਿੰਡ ਹਮੇਸ਼ਾ ਇਸ ਸ਼ਹੀਦ ਨੂੰ ਯਾਦ ਰੱਖੇਗਾ।
ਇਸ ਮੌਕੇ ਮੈਂਬਰ ਲੋਕ ਸਭਾ ਹਲਕਾ ਸੰਗਰੂਰ ਸ਼੍ਰੀ ਭਗਵੰਤ ਮਾਨ, ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜਰ ਸਿੰਘ ਮਾਨਸਾਹੀਆ, ਹਲਕਾ ਵਿਧਾਇਕ ਮੋੜ ਸ਼੍ਰੀ ਜਗਦੇਵ ਸਿੰਘ ਕਮਾਲੂ, ਐਸ.ਐਸ.ਪੀ. ਡਾ. ਨਰਿੰਦਰ ਭਾਰਗਵ, ਐਸ.ਡੀ.ਐਮ. ਸਰਦੂਲਗੜ ਸ਼੍ਰੀ ਰਾਜਪਾਲ ਸਿੰਘ, ਸਾਬਕਾ ਵਿਧਾਇਕ ਸਰਦੂਲਗੜ ਸ਼੍ਰੀ ਅਜੀਤ ਇੰਦਰ ਸਿੰਘ ਮੋਫਰ, ਚੇਅਰਮੈਨ ਜ਼ਿਲਾ ਪ੍ਰੀਸ਼ਦ ਸ਼ ਬਿਕਰਮ ਸਿੰਘ ਮੋਫਰ, ਡੀ.ਐਸ.ਪੀ. ਸਰਦੂਲਗੜ ਸੰਜੀਵ ਗੋਇਲ, ਮੇਜਰ ਜਨਰਲ ਐਸ.ਪੀ. ਮਹਿਤਾ ਜੀ.ਓ.ਸੀ. 81 ਸਬ ਏਰੀਆ, ਕਮਾਂਡਿੰਗ ਅਫ਼ਸਰ ਏਅਰ ਡਿਫੈਂਸ ਰੈਜੀਮੈਂਟ ਅਤੇ ਉਨਾਂ ਦੀ ਟੀਮ, ਸੂਬੇਦਾਰ ਮੇਜਰ ਰਾਮ ਨਿਵਾਸ 3 ਗਾਰਡਜ਼, ਨਾਇਬ ਸੂਬੇਦਾਰ ਕੁਲਦੀਪ 21 ਰਾਸ਼ਟਰੀ ਰਾਇਫਲ, ਜ਼ਿਲਾ ਸੈਨਿਕ ਭਲਾਈ ਅਫ਼ਸਰ ਐਮ.ਐਸ. ਰੰਧਾਵਾ ਅਤੇ ਵਾਈਸ ਪ੍ਰਧਾਨ ਬੀ.ਸੀ. ਸੈੱਲ ਸਤਪਾਲ ਵਰਮਾ ਤੋਂ ਇਲਾਵਾ ਪਿੰਡ ਦੇ ਮੋਹਤਵਰ ਵਿਅਕਤੀ ਸ਼ਾਮਿਲ ਸਨ।