ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), 5 ਮਈ 2020 - ਜੇਕਰ ਪਰਵਾਸੀ ਮਜ਼ਦੂਰਾਂ ਦਾ ਲੱਖਾਂ ਦੀ ਗਿਣਤੀ ਵਿੱਚ, ਪੰਜਾਬ ਤੋਂ ਪਲਾਇਨ ਹੁੰਦਾ ਹੈ ਤਾਂ ਪੰਜਾਬ ਲਈ ਭਵਿੱਖ ਵਿੱਚ ਇੱਕ ਗੰਭੀਰ ਸਮੱਸਿਆ ਬਣੇਗੀ। ਇਹ ਕਹਿਣਾ ਹੈ ਟਕਸਾਲੀ ਆਗੂ ਬੀਰ ਦਵਿੰਦਰ ਸਿੰਘ ਦਾ। ਉਨ੍ਹਾਂ ਕਿਹਾ ਕਿ ਖਾਸ ਕਰਕੇ ਉਦਯੋਗਿਕ ਖੇਤਰਾਂ ਵਿੱਚ ਕੰਮ ਕਰਦੇ ਮਾਹਰ ਕਾਮਿਆਂ ਦੇ ਚਲੇ ਜਾਣ ਨਾਲ, ਪੰਜਾਬ ਵਿੱਚ ਪਹਿਲਾਂ ਹੀ ਦਮ ਤੋੜ ਰਹੇ ਉਦਯੋਗਿਕ ਕਾਰੋਬਾਰਾਂ ਵਿੱਚ ਪੈਦਾਵਾਰ ਦਾ ਨਿਰਮਾਣ ਕਰਨ ਵਿੱਚ ਭਾਰੀ ਔਖ ਆਵੇਗੀ। ਅੱਠ ਲੱਖ ਤੀਹ ਹਜ਼ਾਰ (੮,੩੦,੦੦੦) ਉਦਯੋਗਿਕ ਅਤੇ ਖੇਤ ਮਜ਼ਦੂਰਾਂ ਦੇ ਘਰ ਵਾਪਸੀ ਕਾਰਨ, ਪੈਦਾ ਹੋਇਆ ਖੱਪਾ ਭਰਨਾ ਔਖਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਕਿਰਤ ਅਤੇ ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ , ਪਰਖ ਦੀ ਘੜੀ ਵਿੱਚ ਹਰ ਪੱਖੋਂ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਲਾਕਡਾਊਨ ਅਤੇ ਕਰਫਿਊ ਵਿੱਚ ਫਸੇ ਇਨ੍ਹਾਂ ਬੇਭਾਗੇ ਮਜ਼ਦੂਰਾਂ ਦੀ ਕਿਰਤ ਵਿਭਾਗ ਨੇ ਕੋਈ ਸਾਰ ਨਹੀਂ ਲਈ, ਜਿਸ ਕਾਰਨ ਅੰਤ ਨੂੰ ਮਾਯੂਸ ਹੋ ਕੇ ਇਹ ਮਜ਼ਦੂਰ ਆਪਣੇ ਘਰਾਂ ਨੂੰ ਵਾਪਿਸ ਪਰਤ ਰਹੇ ਹਨ। ਕਿਰਤ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਮਜ਼ਦੂਰਾਂ ਦੇ ਕੈਂਪ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਤਕਲੀਫ਼ਾਂ ਤੋਂ ਜਾਣੂ ਹੁੰਦੇ ਅਤੇ ਉਨ੍ਹਾਂ ਨੂੰ ਯੋਗ ਪ੍ਰਬੰਧ ਕਰਨ ਦੀ ਕੋਈ ਤਸੱਲੀ ਦਿੰਦੇ ਅਤੇ ਆਪਣੀ ਪੱਧਰ ਤੇ ਸਾਰਥਿਕ ਦਖਲ ਨਾਲ ਉਦਯੋਗਪਤੀਆਂ ਨੂੰ ਪ੍ਰੇਰਿਤ ਕਰਕੇ, ਘੱਟੋ-ਘੱਟ ਕਿਰਤ ਵਿਭਾਗ ਦੀ ਸੂਚੀ ਵਿੱਚ ਦਰਜ਼ ਕਾਮਿਆਂ ਨੂੰ, ਅਪ੍ਰੈਲ ਦੇ ਮਹੀਨੇ ਦੀ ਉਜ਼ਰਤ ਅਦਾ ਕਰਵਾਊਂਦੇ, ਅਤੇ ਇਸਤਰ੍ਹਾਂ ਸੁਹਿਰਦ ਯਤਨਾਂ ਰਾਹੀਂ ਉਨ੍ਹਾਂ ਉਦਾਸ ਅਤੇ ਅੰਦਰੋਂ ਖੌਫ਼ਜ਼ਦਾ ਮਜ਼ਦੂਰਾਂ ਨੂੰ ਘਰਾਂ ਨੂੰ ਵਾਪਿਸ ਨਾ ਪਰਤਣ ਲਈ ਪ੍ਰੇਰਿਤ ਕਰਦੇ। ਪਰ ਅਫ਼ਸੋਸ ਕਿ ਅਜਿਹਾ ਕੋਈ ਵੀ ਉਦਮ ਨਹੀਂ ਹੋਇਆ, ਕਿਰਤ ਵਿਭਾਗ ਦੇ ਉਦਮਾਂ ਅਤੇ ਸਹਾਰਿਆਂ ਦੀ ਅਣਹੋਂਦ ਕਾਰਨ, ਇਹ ਸਾਰੇ ਕਿਰਤੀ ਕਾਮੇਂ, ਪਸਤ ਹੌਸਲਿਆਂ ਨਾਲ ਆਪਣੇ ਘਰਾਂ ਨੂੰ ਵਾਪਿਸ ਪਰਤਣ ਲਈ ਮਜਬੂਰ ਹੋ ਗਏ ਹਨ।
ਕਿਊਂਕਿ ਕੋਰੋਨਾ ਮਹਾਂਮਾਰੀ ਦੇ ਖਤਮ ਹੋਣ ਦੀ, ਕੋਈ ਵੀ ਉਮੀਦ ਦੀ ਕਿਰਨ, ਨੇੜ ਭਵਿੱਖ ਵਿੱਚ ਨਜ਼ਰ ਨਹੀਂ ਆ ਰਹੀ ਇਸ ਲਈ ਝੋਨੇ ਦੀ ਲਵਾਈ ਸਮੇਂ ਪੰਜਾਬ ਦੀ ਕ੍ਰਿਸਾਨੀ ਨੂੰ, ਇਨ੍ਹਾਂ ਖੇਤ-ਮਜ਼ਦੂਰਾਂ ਦੇ ਤਦ ਤੱਕ ਪੰਜਾਬ ਵਾਪਿਸ ਨਾ ਪਰਤਣ ਦੀ ਅਵਸਥਾ ਕਾਰਨ, ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪ੍ਰਧਾਨ ਸ੍ਰੀ ਮਤੀ ਸੋਨੀਆ ਗਾਂਧੀ ਨੇ ਰਾਜਸੀ ਪੱਤਾ ਖੇਡਦਿਆਂ ਇਹ ਐਲਾਨ ਕੀਤਾ ਹੈ ਕਿ ਜੇ ਭਾਰਤ ਸਰਕਾਰ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਘਰਾਂ ਨੂੰ ਵਾਪਿਸ ਪਰਤਣ ਲਈ, ਰੇਲ ਗੱਡੀਆਂ ਦੇ ਭਾੜੇ ਦਾ ਖਰਚਾ ਨਹੀਂ ਉਠਾਊਂਦੀ, ਤਾਂ ਇਹ ਭਾੜਾ ਕਾਂਗਰਸ ਪਾਰਟੀ ਦੀਆਂ ਰਾਜ ਇਕਾਈਆਂ ਕਾਂਗਰਸ ਦੇ ਫੰਡ ਵਿੱਚੋਂ ਅਦਾ ਕਰਨਗੀਆਂ। ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਇਹ ਐਲਾਨ ਸੁਣਦਿਆਂ ਹੀ, ਪੰਜਾਬ ਦੇ ਮੁੱਖ ਮੰਤਰੀ ਨੇ ਤੁਰੰਤ ਹੀ 'ਤੁਗਲਕੀ ਫੁਰਮਾਨ' ਜਾਰੀ ਕਰ ਦਿੱਤਾ ਹੈ ਕਿ ਪੰਜਾਬ ਵਿੱਚੋਂ ਪਲਾਇਨ ਕਰਨ ਵਾਲੇ ਮਜ਼ਦੂਰਾ ਦਾ ਰੇਲਵੇ ਦੇ ਟਿਕਟ ਦਾ ਸਾਰਾ ਖਰਚਾ ਪੰਜਾਬ ਸਰਕਾਰ ਉਠਾਵੇਗੀ, ਜਿਵੇਂ ਪੰਜਾਬ ਸਰਕਾਰ ਦਾ ਖਜਾਨਾਂ 'ਕਾਂਗਰਸ ਪਾਰਟੀ' ਦਾ ਖਜਾਨਾ ਹੋਵੇ। ਜਦੋਂ ਸ੍ਰੀ ਮਤੀ ਸੋਨੀਆਂ ਗਾਂਧੀ ਦਾ ਇਹ ਸਪਸ਼ਟ ਐਲਾਨ ਹੈ ਕਿ ਇਹ ਸਾਰਾ ਖਰਚਾ ਕਾਂਗਰਸ ਪਾਰਟੀ ਉਠਾਵੇਗੀ, ਫੇਰ ਪੰਜਾਬ ਦੇ ਖਾਲੀ ਖਜਾਨੇ ਤੇ ਇਹ ਲਗਪਗ ੪੧ ਕ੍ਰੋੜ ਰੁਪਏ ਦਾ ਬੋਝ, ਮਹਿਜ਼ ਸੋਨੀਆ ਗਾਂਧੀ ਦੀ ਖੁਸ਼ਨੂਦੀ ਹਾਸਲ ਕਰਨ ਲਈ ਕਿਊਂ ਪਾਇਆ ਜਾ ਰਿਹਾ ਹੈ ? ਬਾਕੀ ਸਾਰੇ ਪੰਜਾਬ ਦੇ ਕੰਮਾਂ ਲਈ ਪੰਜਾਬ ਸਰਕਾਰ ਦਾ ਖਜਾਨਾ ਖਾਲੀ ਹੈ, ਪਰ ਸੋਨੀਆ ਗਾਂਧੀ ਦੀ ਝੋਲੀ ਚੁੱਕਣ ਲਈ ਸਰਕਾਰੀ ਖਜਾਨੇ ਦੀ ਲੁਟਾਈ ਕਰਾਈ ਜਾ ਰਹੀ ਹੈ, ਜੋ ਪੰਜਾਬ ਦੇ ਲੋਕ ਕਤੱਈ ਬਰਦਾਸ਼ਤ ਨਹੀਂ ਕਰਨਗੇ। ਉੰਜ ਵੀ ਇਹ ਸਾਰਾ ਖਰਚਾ ਜਾਂ ਤਾਂ ਪ੍ਰਧਾਂਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 'ਪੀ.ਐਮ ਕੇਅਰਜ਼' ਫੰਡ ਵਿੱਚੋਂ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਹੈ ਜਾਂ ਫੇਰ ਉਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੂੰ ਚੁੱਕਣਾ ਚਾਹੀਦਾ ਹੈ ਜਿਨ੍ਹਾਂ ਰਾਜਾਂ ਨੂੰ ਇਹ ਮਜ਼ਦੂਰ ਵਾਪਿਸ ਪਰਤ ਰਹੇ ਹਨ।
ਬੀਰ ਦਵਿੰਦਰ ਨੇ ਕਿਹਾ ਕਿ ਇਹ ਸਾਰਾ ਖਰਚਾ ਸੋਨੀਆ ਗਾਂਧੀ ਦੇ ਐਲਾਨ ਅਨੁਸਾਰ, ਪੰਜਾਬ ਕਾਂਗਰਸ ਨੂੰ ਆਪਣੇ ਸਾਧਨਾਂ ਅਤੇ ਸਰੋਤਾਂ ਰਾਹੀਂ ਕਰਨਾ ਚਾਹੀਦਾ ਹੈ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਸਰਕਾਰ ਦੇ ਖਜਾਨੇ 'ਚੋਂ ਕਾਂਗਰਸ ਦੇ ਰਾਜਸੀ ਹਿਤਾਂ ਦੀ ਪੂਰਤੀ ਲਈ, ਕੀਤੇ ਜਾ ਰਿਹੇ ਇਸ ਅਯੋਗ ਖਰਚੇ ਦੀ ਉਚਿੱਤਤਾ ਦਾ ਮਾਮਲਾ ਪੰਜਾਬ ਅਤੇ ਹਰਿਆਣਾਂ ਦੀ ਮਾਨਯੋਗ ਉੱਚ ਅਦਾਲਤ ਵਿੱਚ ਉਠਾਇਆ ਜਾਵੇਗਾ ਅਤੇ ਮਾਨਯੋਗ ਅਦਾਲਤ ਅੱਗੇ ਇਹ ਯਾਚਨਾਂ ਕੀਤੀ ਜਾਵੇਗੀ ਕਿ ਇਸ ਅਯੋਗ ਖਰਚੇ ਦੀ ਭਰਪਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਨਿੱਜੀ ਸਾਧਨਾਂ ਵਿੱਚੋਂ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਜਮ੍ਹਾਂ ਕਰਵਾਊਂਣ। ਜੇ ਇਸ ਸਾਰੇ ਮਾਮਲੇ ਵਿੱਚ ਉਨ੍ਹਾਂ ਨੌਕਰਸ਼ਾਹਾਂ ਦੀ ਬਣਦੀ ਜਵਾਬਦੇਹੀ ਤੇ ਵੀ ਅਦਾਲਤ ਵਿੱਚ ਸਵਾਲ ਉਠਾਏ ਜਾ ਸਕਦੇ ਹਨ ਜੋ ਪੰਜਾਬ ਸਰਕਾਰ ਦੇ ਖਜਾਨੇ ਦੀ ਅਵੈਧ ਲੁੱਟ ਵਿੱਚ ਭਾਗੀਦਾਰ ਬਣਨਗੇ।