- ਪਟਿਆਲਾ ਰੈਡ ਜ਼ੋਨ 'ਚ ਹੋਣ ਕਰਕੇ 33 ਫ਼ੀਸਦੀ ਅਮਲੇ ਨਾਲ ਕੰਮ-ਕਾਜ ਕੀਤਾ ਜਾਵੇਗਾ
ਪਟਿਆਲਾ, 5 ਮਈ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਅੰਦਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਰੇ ਅਦਾਰੇ ਖੁੱਲ੍ਹੇ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਪਟਿਆਲਾ ਨੂੰ ਰੈਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਇਸ ਲਈ ਸਾਰੇ ਅਦਾਰੇ ਕੁਲ ਕਰਮਚਾਰੀਆਂ ਦੇ 33 ਪ੍ਰਤੀਸ਼ਤ ਅਨੁਪਾਤ ਅਨੁਸਾਰ ਦਫ਼ਤਰਾਂ ਦਾ ਕੰਮ-ਕਾਜ ਕਰਨਗੇ।
ਜਾਰੀ ਹੁਕਮਾਂ ਮੁਤਾਬਕ ਇਹ ਪ੍ਰਤੀਸ਼ਤ ਰੱਖਿਆ ਅਤੇ ਸੁਰੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਪੁਲਿਸ, ਜ਼ੇਲ੍ਹਾ, ਹੋਮ ਗਾਰਡਜ, ਸਿਵਲ ਡਿਫੈਂਸ, ਫਾਇਰ ਅਤੇ ਐਮਰਜੈਂਸੀ ਸੇਵਾ, ਆਪਦਾ ਪ੍ਰਬੰਧਨ ਅਤੇ ਸਬੰਧਤ ਸੇਵਾਵਾਂ, ਐਨ.ਆਈ.ਸੀ., ਕਸਟਮਜ, ਐਫ.ਸੀ.ਆਈ., ਐਨ.ਸੀ.ਸੀ., ਐਨ.ਵਾਈ.ਕੇ., ਮਿਊਂਸਪਲ ਸਰਵਿਸਿਜ ਤੇ ਜਰੂਰੀ ਸੇਵਾਵਾਂ ਉਪਰ ਲਾਗੂ ਨਹੀਂ ਹੋਵੇਗਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਦਫ਼ਤਰਾਂ ਵਿੱਚ ਕੰਮ-ਕਾਜ ਲਈ ਆਉਣ-ਜਾਣ ਲਈ ਕਰਮਚਾਰੀਆਂ ਨੂੰ ਵੱਖਰੇ ਤੌਰ 'ਤੇ ਕੋਈ ਡਿਊਟੀ ਪਾਸ ਜਾਂ ਕਰਫਿਊ ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੇ ਦਫ਼ਤਰਾਂ ਵੱਲੋਂ ਜਾਰੀ ਪਛਾਣ ਪੱਤਰ ਹੀ ਅਧਿਕਾਰਤ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਹੁਕਮ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਾਰੀ ਕੀਤੇ ਗਏ ਹਨ ਅਤੇ ਸਬੰਧਤ ਵਿਭਾਗਾਂ ਦੇ ਮੁਖੀ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਯਕੀਨੀ ਬਣਾਉਣਗੇ।