ਮਨਿੰਦਰਜੀਤ ਸਿੱਧੂ
- ਪੱਖ ਜਾਣਨ ਤੇ ਐਸ.ਡੀ.ਐਮ. ਬੋਲੇ ਮੁੱਖ ਮੰਤਰੀ ਹੀ ਦਿਊ ਪੱਖ
ਜੈਤੋ, 5 ਮਈ 2020 - ਐਸ.ਡੀ.ਐਮ. ਦੇ ਵਿਹਾਰ ਤੋਂ ਦੁਖੀ ਹੋਏ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਚਿੱਠੀ ਲਿਖ ਕੇ ਆਪਣਾ ਦੁੱਖੜਾ ਮੁੱਖ ਮੰਤਰੀ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਅਤੇ ਮੁੱਖ ਸਕੱਤਰ ਪੰਜਾਬ ਅੱਗੇ ਫਰੋਲਿਆ ਹੈ।
ਜੈਤੋਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪੱਤਰਕਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੂੰ ਲਿਖਿਆ ਪੱਤਰ ਦਿਖਾਉਂਦੇ ਹੋਏ ਐੱਸ.ਡੀ.ਐੱਮ. ਜੈਤੋ ਡਾ. ਮਨਦੀਪ ਕੌਰ ਤੇ ਦੁਰਵਿਹਾਰ ਕਰਨ ਦੇ ਇਲਜ਼ਾਮ ਲਗਾਏ ਹਨ।
ਵਿਧਾਇਕ ਨੇ ਦੱਸਿਆ ਕਿ ਐਸ.ਡੀ.ਐਮ. ਪਿਛਲੇ ਲੰਮੇ ਸਮੇਂ ਤੋਂ ਮੇਰੇ ਨਾਲ ਮਾੜਾ ਵਿਹਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਨਾਤੇ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਫੋਨ ਕਰਦਾ ਹਾਂ ਤਾਂ ਉਹ ਮੇਰਾ ਫੋਨ ਕੱਟ ਦਿੰਦੇ ਹਨ ਤੇ ਹੱਦ ਤਾਂ ਉਸ ਵਕਤ ਹੋ ਗਈ ਜਦ ਐੱਸ.ਡੀ.ਐੱਮ. ਸਾਹਿਬਾ ਨੇ ਮੇਰਾ ਫੋਨ ਹੀ ਬਲੈਕ ਲਿਸਟ ਵਿੱਚ ਪਾ ਦਿੱਤਾ।
ਜਦ ਮੈਂ ਲੋਕਾਂ ਦੀਆਂ ਸਮੱਸਿਆਵਾਂ ਲੈ ਕੇ ਸਥਾਨਕ ਐੱਸ.ਡੀ.ਐੱਮ. ਸਾਹਿਬ ਦੇ ਦਫ਼ਤਰ ਪਹੁੰੁਚਿਆ ਤਾਂ ਉਹਨਾਂ ਮੈਨੂੰ ਮਿਲਣ ਦਾ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਨੂੰ ਜਾਣੂ ਕਰਵਾਇਆ ਗਿਆ ਪਰ ਫਿਰ ਵੀ ਐਸ.ਡੀ.ਐਮ. ਸਾਹਿਬਾ ਦੇ ਵਿਹਾਰ ਵਿੱਚ ਕੋਈ ਬਦਲਾਅ ਨਹੀਂ ਆਇਆ।
ਵਿਧਾਇਕ ਨੇ ਭਰੇ ਮਨ ਨਾਲ ਮਨ ਨਾਲ ਦੱਸਿਆ ਕਿ ਜਦ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਅਜਿਹਾ ਵਰਤਾਉ ਕਰਦੇ ਹਨ ਤਾਂ ਕਿਸੇ ਆਮ ਵਿਅਕਤੀ ਨਾਲ ਕੀ ਸਲੂਕ ਹੁੰਦਾ ਹੋਵੇਗਾ ਇਸ ਗੱਲ ਦਾ ਅੰਦਾਜਾ ਤੁਸੀਂ ਖੁਦ ਲਗਾ ਸਕਦੇ ਹੋ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਹਰ ਅਧਿਕਾਰੀ ਨੁੰ ਸਰਕਾਰ ਦੁਆਰਾ ਆਪਣੇ ਸਟੇਸ਼ਨ ਉੱਪਰ ਹਾਜਰ ਰਹਿਣ ਦੀ ਸਖਤ ਹਦਾਇਤ ਹੈ।ਪਰ ਐੱਸ.ਡੀ.ਐਮ ਸਾਹਿਬਾ ਆਪਣੇ ਸਟੇਸ਼ਨ ਉੱਪਰ ਹਾਜਰ ਨਹੀਂ ਰਹਿੰਦੇ ਤੇ ਸਵੇਰੇ 11 ਵਜੇ ਤੋਂ ਪਹਿਲਾਂ ਆਪਣੇ ਦਫ਼ਤਰ ਨਹੀਂ ਪਹੁੰਚਦੇ।
ਇੱਥੇ ਦੱਸਣਯੋਗ ਹੈ ਕਿ ਕੈਪਟਨ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਵਿਧਾਇਕ ਅਕਸਰ ਹੀ ਸਰਕਾਰੀ ਅਧਿਕਾਰੀਆਂ ਤੇ ਆਪਣੇ ਨਾਲ ਦੁਰਵਿਹਾਰ ਕਰਨ ਦੇ ਰੋਣੇ ਰੌਂਦੇ ਰਹਿੰਦੇ ਹਨ। ਪਰ ਸਰਕਾਰ ਨੇ ਕਦੇ ਵੀ ਇਸ ਮਸਲੇ ਤੇ ਸੰਜੀਦਾ ਰੋਲ ਅਦਾ ਨਹੀਂ ਕੀਤਾ।ਕਿਸੇ ਅਧਿਕਾਰੀ ਦੁਆਰਾ ਇੱਕ ਵਿਧਾਇਕ ਨਾਲ ਦੁਰਵਿਹਾਰ ਹੋਣ ਦੀ ਸੂਰਤ ਵਿੱਚ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਅਧਿਕਾਰੀ ਦੀ ਕਲਾਸ ਲਗਾਉਂਦੇ ਹੋਏ ਕਿਹਾ ਸੀ ਕਿ ਇੱਕ ਵਿਧਾਇਕ ਦਾ ਰੁਤਬਾ ਮੁੱਖ ਸਕੱਤਰ ਤੋਂ ਵੀ ਉੱਪਰ ਹੁੰਦਾ ਹੈ।ਪਰ ਅੱਜ ਦੇ ਸਮੇਂ ਵਿਧਾਇਕ ਦਾ ਰੁਤਬਾ ਐੱਸ.ਡੀ.ਐਮ ਦੀ ਹੈਂਕੜ ਅੱਗੇ ਵੀ ਕਮਜ਼ੋਰ ਪੈ ਰਿਹਾ ਹੈ। ਐੱਸ.ਡੀ. ਐਮ. ਦੇ ਰਵੱਈਏ ਪ੍ਰਤੀ ਸੱਤਾਧਾਰੀ ਕਾਂਗਰਸੀ ਧਿਰ ਵੀ ਨਾਖੁਸ ਹੈ ਤੇ ਦੱਬਵੀਂ ਆਵਾਜ਼ ਵਿੱਚ ਉਹ ਵੀ ਇਸ ਅਧਿਕਾਰੀ ਦੀ ਆਪਣੇ ਆਗੂਆਂ ਅੱਗੇ ਸਿਕਾਇਤ ਕਰਦੇ ਰਹਿੰਦੇ ਹਨ। ਇੱਕ ਕਾਂਗਰਸੀ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਸ਼ਰਤ ਤੇ ਦੱਸਿਆ ਕਿ ਇਸ ਨਾਲੋਂ ਤਾਂ ਅਕਾਲੀ ਸਰਕਾਰ ਹੀ ਚੰਗੀ ਸੀ।ਧੱਕਾਸ਼ਾਹੀ ਹੋਣ ਦੀ ਸੂਰਤ ਵਿੱਚ ਅਸੀਂ ਧਰਨੇ ਲਗਾ ਕੇ ਤਾਂ ਆਪਣੀਆਂ ਮੰਗਾਂ ਮਨਵਾ ਲੈਂਦੇ ਸੀ। ਪਰ ਹੁਣ ਤਾਂ ਅਸੀਂ ਕਿਸੇ ਕੋਲ ਆਪਣਾ ਦੁੱਖ ਵੀ ਨਹੀਂ ਰੋ ਸਕਦੇ।
ਕੀ ਕਹਿੰਦੇ ਹਨ ਐੱਸ.ਡੀ.ਐੱਮ. ਜੈਤੋ?
ਜਦ ਵਿਧਾਇਕ ਦੁਆਰਾ ਐਸ.ਡੀ.ਐਮ ਜੈਤੋ ਡਾ. ਮਨਦੀਪ ਕੌਰ ਦੇ ਉੱਪਰ ਲਗਾਏ ਗਏ ਇਲਜ਼ਾਮਾਂ ਪ੍ਰਤੀ ਉਹਨਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਇਹ ਕਹਿ ਕਿ ਫੋਨ ਕੱਟ ਦਿੱਤਾ ਕੇ ਜੇਕਰ ਮੇਰੀ ਸ਼ਿਕਾਇਤ ਵਿਧਾਇਕ ਨੇ ਮੁੱਖ ਮੰਤਰੀ ਪਾਸ ਕੀਤੀ ਹੈ ਤਾਂ ਤੁਸੀਂ ਪੱਖ ਵੀ ਮੁੱਖ ਮੰਤਰੀ ਜਾਂ ਇਲਜ਼ਾਮ ਲਾਉਣ ਵਾਲੇ ਵਿਧਾਇਕ ਤੋਂ ਹੀ ਲੈ ਲਵੋ।