- ਵੱਖ-ਵੱਖ ਕੈਟਾਗਰੀ ਦੀਆਂ ਦੁਕਾਨਾਂ ਨੂੰ ਵੱਖਰੇ-ਵੱਖਰੇ ਦਿਨਾਂ ਅਨੁਸਾਰ ਖੋਲ੍ਹਿਆ ਜਾਵੇਗਾ
ਫਿਰੋਜ਼ਪੁਰ 5 ਮਈ 2020 : ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਆਈ.ਏ.ਐੱਸ. ਨੇ ਸੀ.ਆਰ.ਪੀ.ਸੀ. 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਣ ਦੁਕਾਨਾਂ ਦੇ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰ ਦਿੱਤਾ ਗਿਆ ਹੈ ਅਤੇ ਵੱਖ-ਵੱਖ ਕੈਟਾਗਰੀ ਦੀਆਂ ਦੁਕਾਨਾਂ ਰੋਟੇਸ਼ਨ ਵਾਈਜ਼ ਖੁੱਲ੍ਹਣਗੀਆਂ।
ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਦੁਕਾਨਾਂ ਨੂੰ ਵੱਖ-ਵੱਖ ਦਿਨਾਂ ਵਿੱਚ 9 ਤੋਂ 1 ਵਜੇ ਤੱਕ ਖੋਲ੍ਹਿਆ ਜਾਵੇਗਾ। ਜਿਸ ਮੁਤਾਬਿਕ ਗਰੋਸਰੀ ਸਟੋਰ, ਕਰਿਆਨਾ ਸਟੋਰ, ਮੈਡੀਕਲ ਦੁਕਾਨਾਂ, ਦੁੱਧ, ਡੇਅਰੀ ਅਤੇ ਸਵੀਟ, ਟੀ.ਸਟਾਲ, ਜੂਸ, ਬੇਕਰੀ, ਮੀਟ, ਸੀਮੈਂਟ/ਰੇਤਾ ਅਤੇ ਬਜਰੀ, ਸੀਡ ਐਂਡ ਫਰਟੀਲਾਈਜ਼ਰ, ਪੈਸਟੀਸਾਈਡ, ਕਨਫੈਕਸਨਰੀ ਅਤੇ ਕੰਸਟਰੱਕਸ਼ਨ ਨਾਲ ਸਬੰਧਿਤ ਦੁਕਾਨਾਂ ਹਫ਼ਤੇ ਵਿਚ ਪੰਜ ਦਿਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਖੁੱਲ੍ਹਣਗੀਆਂ।
ਇਸੇ ਤਰ੍ਹਾਂ ਸੈਨੇਟਰੀ, ਹਾਰਡਵੇਅਰ ਤੇ ਪਲਾਈਵੁੱਡ, ਰੰਗ-ਰੋਗਨ, ਮਾਰਬਲ, ਪੀਵੀਸੀ, ਗਲਾਸ ਵੇਅਰ, ਇਲੈਕਟ੍ਰੋਨਿਕ, ਟਾਇਰ, ਆਟੋ ਮੋਬਾਇਲ, ਸਾਈਕਲ, ਪੰਪ ਸਮੇਤ ਸਾਰੀਆਂ ਮਕੈਨਿਕ ਅਤੇ ਰਿਪੇਅਰ ਸਬੰਧੀ ਦੁਕਾਨਾਂ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਐਨਕਾਂ, ਘੜੀ, ਮਨਿਆਰੀ (ਜਨਰਲ ਸਟੋਰ), ਪ੍ਰਵੀਜ਼ਨ ਸਟੋਰ, ਸਟੇਸ਼ਨਰੀ, ਫ਼ੋਟੋ ਸਟੇਟ, ਕੱਪੜਿਆਂ, ਟੇਲਰ, ਗਾਰਮੈਂਟ, ਸੂਜ਼ ਅਤੇ ਲੈਦਰ, ਜਿਊਲਰੀ, ਡਰਾਈ ਕਲੀਨਰ, ਡਾਇੰਗ, ਮੋਬਾਇਲ ਸਟੋਰ, ਖੇਡਾਂ ਦੇ ਸਮਾਨ, ਬਰਤਨ, ਕਰਾਕਰੀ, ਪਲਾਸਟਿਕ, ਗਿਫ਼ਟ, ਫਲਾਵਰ ਡੈਕੋਰੇਸ਼ਨ ਦੀਆਂ ਦੁਕਾਨਾਂ ਵੀ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ ਮਲਟੀ ਬਰੈਂਡ ਸ਼ਾਪਿੰਗ ਮਾਲ, ਸੈਲੂਨ/ਬਿਊਟੀ ਪਾਰਲਰ ਅਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਤੇ ਪਾਬੰਦੀ ਰਹੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੁਕਾਨਾਂ ਨੂੰ ਖੋਲ੍ਹਣ ਸਮੇਂ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਬਾਹਰ ਚਿੱਟੇ ਰੰਗ ਦੇ ਗੋਲੇ ਬਣਾਏ ਜਾਣ ਅਤੇ ਵਿਅਕਤੀਆਂ ਵਿਚਕਾਰ ਘੱਟੋ-ਘੱਟ 2 ਮੀਟਰ ਦਾ ਫ਼ਾਸਲਾ ਰੱਖਿਆ ਜਾਵੇ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸਮੂਹ ਦੁਕਾਨਦਾਰ ਤੇ ਦੁਕਾਨ ਵਿੱਚ ਕੰਮ ਕਰਦੇ ਵਿਅਕਤੀ ਮਾਸਕ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਨਾ ਨੂੰ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਪਰਿਵਾਰ ਦਾ ਸਿਰਫ਼ ਇੱਕ ਮੈਂਬਰ ਹੀ ਸਮਾਨ ਖ਼ਰੀਦਣ ਪੈਦਲ ਹੀ ਆਵੇ ਤੇ ਜੇਕਰ ਕੋਈ ਵਿਅਕਤੀ ਵਹੀਕਲ ਲੈ ਕੇ ਆਉਂਦਾ ਹੈ ਤਾਂ ਉਸਦਾ ਵਹੀਕਲ ਜ਼ਬਤ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸਮਾਨ ਖ਼ਰੀਦਣ ਵਾਲਾ ਵਿਅਕਤੀ ਮਾਸਕ ਪਾ ਕੇ ਹੀ ਘਰ ਤੋਂ ਬਾਹਰ ਨਿਕਲੇ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਈ ਰੱਖੇ।