ਅਸ਼ੋਕ ਵਰਮਾ
ਬਠਿੰਡਾ, 5 ਮਈ 2020 - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਆਨਲਾਈਨ ਮੀਟਿੰਗ ਕਾਰਜਕਾਰੀ ਸੂਬਾ ਪ੍ਰਧਾਨ ਡਾ: ਦਰਸ਼ਨਪਾਲ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਸਮੇਤ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨੀ ਕਰਜ਼ੇ ਉਪਰ ਲਕੀਰ ਮਾਰਨ ਅਤੇ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗੂ ਕਰਵਾਉਣ ਲਈ 11 ਮਈ ਨੂੰ ਪੂਰੇ ਪੰਜਾਬ ਦੀਆਂ ਤਹਿਸੀਲਾਂ , ਐਸਡੀਐਮਜ਼ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣ ਦਾ ਫੈਸਲਾ ਲਿਆ ਗਿਆ ਹੈ।
ਆਗੂਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ’ਚ ਸਰਕਾਰ ਤੋਂ ਕਣਕ ਦੇ ਭਾਅ ਵਿੱਚੋਂ ਪੈਸੇ ਕੱਟਣ ਵਾਲਾ ਫੁਰਮਾਨ ਵਾਪਸ ਲੈਣ, ਖੇਤ ਨੂੰ ਇਕਾਈ ਮੰਨ ਕੇ ਗੜੇਮਾਰੀ, ਝੱਖੜ ਅਤੇ ਬਰਸਾਤ ਨਾਲ ਪ੍ਰਭਾਵਿਤ ਹੋਈ ਫਸਲ ਦਾ ਪੂਰਾ ਮੁਆਵਜਾ ਦੇਣ, ਕਣਕ ਦੇ ਨਾੜ ਨੂੰ ਵਿੱਚ ਗਾਲਣ ਵਾਸਤੇ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਅਤੇ ਨਹਿਰੀ ਅਤੇ ਬਿਜਲੀ ਪਾਣੀ ਦਾ ਪ੍ਰਬੰਧ ਕਰਨ , ਲਾਕਡਾਊਨ ਅਤੇ ਲੇਬਰ ਦੀ ਸਮੱਸਿਆ ਨੂੰ ਦੇਖਦੇ ਹੋਇਆਂ ਝੋਨੇ ਦੀ ਲਵਾਈ ਦੀ ਤਰੀਕ 1 ਜੂਨ ਕਰਨ, ਸਿੱਧੀ ਬਿਜਾਈ ਕਰਨ ਦੇ ਚਾਹਵਾਨ ਕਿਸਾਨਾਂ ਲਈ ਬੀਜ ਤੇ ਖੇਤੀਬਾੜੀ ਸੰਦ ਸਬਸਿਡੀ ਉੱਪਰ ਤੁਰੰਤ ਮੁਹੱਈਆ ਕਰਵਾਉਣ, ਕਪਾਹ ਅਤੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਨਾਲ ਨਾਲ ਅਬੋਹਰ ਫਾਜਲਿਕਾ ਇਲਾਕੇ ਵਿੱਚ ਕਿੰਨੂਆਂ ਦੇ ਬਾਗਾਂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਵੀ ਹੱਲ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਫਤਿਹਗੜ੍ਹ ਸਾਹਿਬ ਤੋਂ ਜਸਬੀਰ ਸਿੰਘ ਚਰਨਾਰਥਲ, ਮਾਨਸਾ ਤੋਂ ਭਜਨ ਸਿੰਘ ਘੁੰਮਣ ਕਲਾਂ, ਬਠਿੰਡਾ ਤੋਂ ਜਗਦੀਸ਼ ਸਿੰਘ ਗੁੰਮਟੀ ਕਲਾਂ, ਸੁਖਦੇਵ ਸਿੰਘ ਢਪਾਲੀ ,ਫਰੀਦਕੋਟ ਤੋਂ ਨਾਇਬ ਸਿੰਘ ਭਗਤੂਆਣਾ, ਮੋਗਾ ਤੋਂ ਸੁਰਜੀਤ ਸਿੰਘ ਹਰੀਏ ਵਾਲਾ, ਫਿਰੋਜਪੁਰ ਤੋਂ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਜਿਲਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਅਤੇ ਫਾਜ਼ਿਲਕਾ ਤੋਂ ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ, ਸਮੇਤ ਜੱਥੇਬੰਦੀ ਦੇ ਵੱਡੀ ਗਿਣਤੀ ਆਗੂ ਹਾਜਰ ਸਨ।