ਅਸ਼ੋਕ ਵਰਮਾ
ਬਠਿੰਡਾ, 5 ਮਈ 2020 - ਪੰਜਾਬ ਦੀਆਂ 16 ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਕਰੋਨਾ ਮਹਾਂਮਾਰੀ ਵਿਰੋਧੀ ਲੜਾਈ ਵਿੱਚ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਘਰ-ਘਰ ਜਾ ਕੇ ਸਰਗਰਮ ਹਿੱਸਾ ਪਾ ਰਹੀਆਂ ਆਸ਼ਾ ਵਰਕਰਾਂ ਅਤੇ ਨਸ਼ਾ-ਪੀੜਤਾਂ ਨੂੰ ਸਾਂਭ ਰਹੇ ਡਾਕਟਰਾਂ ਤੇ ਸਿਹਤ ਕਾਮਿਆਂ ਦੁਆਰਾ ਉਹਨਾਂ ਦੀਆਂ ਸਰਾਸਰ ਜਾਇਜ਼ ਮੰਗਾਂ ਨੂੰ ਅਣਸੁਣਿਆ ਕਰ ਰਹੀ ਪੰਜਾਬ ਸਰਕਾਰ ਦਾ ਧਿਆਨ ਖਿੱਚਣ ਲਈ ਕਰਨੀਆਂ ਪੈ ਰਹੀਆਂ ਹੜਤਾਲਾਂ ਦੀ ਜ਼ੋਰਦਾਰ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਫੋਨਾਂ ਰਾਹੀਂ ਸਾਂਝੀ ਰਾਇ ਬਣਾ ਕੇ ਜੋਗਿੰਦਰ ਸਿੰਘ ਉਗਰਾਹਾਂ, ਰਾਜਵਿੰਦਰ ਸਿੰਘ, ਕੰਵਲਪ੍ਰੀਤ ਸਿੰਘ ਪੰਨੂੰ, ਲਛਮਣ ਸਿੰਘ ਸੇਵੇਵਾਲਾ ਅਤੇ ਜਗਰੂਪ ਸਿੰਘ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਇਹ ਐਲਾਨ ਕਰਦਿਆਂ ਕਰੋਨਾ ਮਹਾਂਮਾਰੀ ਵਿਰੋਧੀ ਲੜਾਈ ਦੀਆਂ ਮੂਹਰਲੀਆਂ ਸਫਾਂ ਵਿੱਚ ਸ਼ਾਮਲ ਪੰਜਾਬ ਦੀਆਂ 4 ਆਸ਼ਾ ਵਰਕਰਾਂ ਦੇ ਨੋਵਲ ਕਰੋਨਾ ਦੀ ਲਪੇਟ ਵਿੱਚ ਆਉਣ ਅਤੇ ਮੱਧ ਪ੍ਰਦੇਸ਼ ਵਿੱਚ ਇੱਕ ਦੀ ਮੌਤ ਹੋਣ ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਸਮੂਹ ਆਸ਼ਾ ਵਰਕਰਾਂ ਸਮੇਤ ਸਮੂਹ ਹੈਲਥ ਵਰਕਰਾਂ-ਡਾਕਟਰਾਂ ਨੂੰ ਮੁਫ਼ਤ ਸੁਰੱਖਿਆ ਕਿੱਟਾਂ ਸਮੇਤ ਐਨ-95 ਮਾਸਕਾਂ ਨਾਲ ਲੈਸ ਅਤੇ ਕਰੋਨਾ ਪੀੜਤਾਂ ਦੇ ਇਲਾਜ ਦਾ ਵੈਂਟੀਲੇਟਰਾਂ ਸਮੇਤ ਪ੍ਰਬੰਧ ਕਰਨ ਤੋਂ ਇਲਾਵਾ ਇਹਨਾਂ ਲਈ 10-10 ਲੱਖ ਅਤੇ ਮੱਧ ਪ੍ਰਦੇਸ਼ ਵਿੱਚ ਮੌਤ ਦਾ ਸ਼ਿਕਾਰ ਹੋਈ ਆਸ਼ਾ ਵਰਕਰ ਦੇ ਵਾਰਸਾਂ ਨੂੰ 50 ਲੱਖ ਰੁਪਏ ਦੀ ਰਾਹਤ ਫੌਰੀ ਦਿੱਤੀ ਜਾਵੇ।
ਆਗੂਆਂ ਨੇ ਸਮੂਹ ਸਿਹਤ ਸੇਵਾਵਾਂ- ਹਸਪਤਾਲਾਂ ਦਾ ਕੌਮੀਕਰਨ ਅਤੇ ਪੱਕੀ ਭਰਤੀ ਕਰਨ, ਹਰ ਵਰਕਰ ਦੇ ਕਰੋਨਾ ਟੈਸਟ ਹਰ ਹਫ਼ਤੇ ਮੁਫ਼ਤ ਕੀਤੇ ਜਾਣ ਤੇ ਹਰ ਵਰਕਰ ਦਾ 50 ਲੱਖ ਰੁਪਏ ਦਾ ਬੀਮਾ ਅਤੇ ਉਹਨਾਂ ਦੀਆਂ ਕੰਮ ਹਾਲਤਾਂ ਨਾਲ ਜੁੜੀਆਂ ਹੋਰ ਵਿਭਾਗੀ ਮੰਗਾਂ ਵੀ ਤੁਰੰਤ ਮੰਨਣ ਦਪ ਲੋੜ ਤੇ ਜੋਰ ਦਿੱਤਾ ਹੈ। ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦੇ ਰੂਪ ਵਿੱਚ ਕਿਹਾ ਕਿ ਮੰਗਾਂ ਮੰਨਣ ਵਿੱਚ ਹੋਰ ਦੇਰੀ ਨਾ ਕਰ ਕੇ ਹਾਲਾਤ ਨੂੰ ਹੋਰ ਵਿਗੜਨ ਤੋਂ ਰੋਕਿਆ ਜਾਵੇ। ਜਥੇਬੰਦੀਆਂ ਨੇ ਸਲਾਹ ਦਿੱਤੀ ਕਿ ਲੋੜੀਂਦਾ ਬਜਟ ਜੁਟਾਉਣ ਲਈ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੌਂ ਮਾਲਕਾਂ ਦੀਆਂ ਬੇਥਾਹ ਜਾਇਦਾਦਾਂ ਉੱਤੇ ਮੋਟਾ ਜਾਇਦਾਦ ਟੈਕਸ ਲਾ ਕੇ ਤੁਰੰਤ ਵਸੂਲਿਆ ਜਾਵੇ, ਜਿਸਦੀ ਸਿਫਾਰਸ਼ ਕੇਂਦਰ ਦੀ ਆਰਥਿਕ ਸਾਧਨ-ਜੁਟਾਊ ਕਮੇਟੀ ਨੇ ਵੀ ਕੀਤੀ ਹੈ ਜੋਕਿ ਚੋਟੀ ਦੇ 50 ਮਾਲ ਅਧਿਕਾਰੀਆਂ ‘ਤੇ ਆਧਾਰਿਤ ਹੈ।
ਇਸ ਫੈਸਲੇ ਵਿੱਚ ਸ਼ਾਮਲ ਜਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਟੈਕਸਟਾਈਲ ਹੌਜਰੀ ਕਾਮਗਰ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜ਼ਿ ਨੰ 31, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ (ਲਲਕਾਰ), ਪੀ.ਐਸ.ਯੂ. (ਸ਼ਹੀਦ ਰੰਧਾਵਾ), ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ), ਨੌਜਵਾਨ ਭਾਰਤ ਸਭਾ, ਪੀ.ਐਸ.ਯੂ. (ਲਲਕਾਰ), ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ, ਪਾਵਰ ਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰ ਕੌਮ ਜੋਨ ਬਠਿੰਡਾ ਅਤੇ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਸ਼ਾਮਲ ਹਨ।