ਹਰਿੰਦਰ ਨਿੱਕਾ
- ਆਈਸੋਲੇਸ਼ਨ ਸੈਂਟਰਾਂ, ਇਕਾਂਤਵਾਸ ਕੇਂਦਰਾਂ, ਹੋਰਨਾਂ ਰਾਜਾਂ ਦੇ ਨੋਡਲ ਅਧਿਕਾਰੀਆਂ ਨਾਲ ਰਾਬਤਾ ਰੱਖਣ ਸਬੰਧੀ ਪ੍ਰਕਿਰਿਆ ਦਾ ਜਾਇਜ਼ਾ
- ਲੋਕਾਂ ਨੂੰ ਸਿਹਤ ਸਲਾਹਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਆਦੇਸ਼
ਸੰਗਰੂਰ, 5 ਮਈ 2020 - ਕੋਰੋਨਾ ਵਾਇਰਸ ਨੂੰ ਫੈਲ੍ਹਣ ਤੋਂ ਰੋਕਣ ਲਈ ਜ਼ਿਲ੍ਹਾ ਸੰਗਰੂਰ ਦੀਆਂ ਹਰਿਆਣਾ ਸੂਬੇ ਨਾਲ ਲਗਦੀਆਂ ਹੱਦਾਂ ਅਤੇ ਪੰਜਾਬ ਦੇ ਹੋਰਨਾ ਜ਼ਿਲਿਆਂ ਰਾਹੀਂ ਜ਼ਿਲ੍ਹਾ ਸੰਗਰੂਰ ਵਿੱਚ ਦਾਖਲ ਹੋਣ ਦੇ ਰਸਤਿਆਂ 'ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਸਥਾਪਤ ਕੀਤੇ ਗਏ ਅੰਤਰ ਰਾਜੀ ਨਾਕਿਆਂ ਰਾਹੀਂ ਜ਼ਿਲ੍ਹੇ ਵਿੱਚ ਕਿਤੋਂ ਵੀ ਦਾਖਲ ਹੋਣ ਵਾਲੇ ਵਿਅਕਤੀਆਂ ਵਿੱਚੋਂ ਸ਼ੱਕੀ ਮਾਮਲਿਆਂ ਦੀ ਮੈਡੀਕਲ ਸਕਰੀਨਿੰਗ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਤਰ ਰਾਜੀ ਨਾਕਿਆਂ ਰਾਹੀਂ ਰੋਜ਼ਾਨਾ ਆਉਣ ਤੇ ਜਾਣ ਵਾਲੇ ਨਾਗਰਿਕਾਂ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਸਮੀਖਿਆ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਪਾਜ਼ੀਟਿਵ ਮਾਮਲਿਆਂ ਦੀ ਵਧ ਰਹੀ ਗਿਣਤੀ ਬਹੁਤ ਚਿੰਤਾ ਦਾ ਵਿਸ਼ਾ ਹੈ ਇਸ ਲਈ ਆਉਣ ਜਾਣ ਸਬੰਧੀ ਨਾਗਰਿਕਾਂ ਦੀ ਸਮੁੱਚੀ ਪ੍ਰਕਿਰਿਆ 'ਤੇ ਚੌਕਸੀ ਰੱਖੇ ਜਾਣਾ ਸਮੇਂ ਦੀ ਅਹਿਮ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਹਰਿਆਣੇ ਨਾਲ ਲਗਦੀਆਂ ਹੱਦਾਂ 'ਤੇ ਸਥਾਪਤ ਪੰਜ ਵਿਸ਼ੇਸ ਨਾਕਿਆਂ 'ਤੇ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਸਮੁੱਚੇ ਰਿਕਾਰਡ ਦੀ ਸਾਂਭ ਸੰਭਾਲ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਜਾਖਲ ਰੋਡ ਚੂੜਲ ਕਲਾਂ, ਜਾਖਲ ਤੋਂ ਬਰੇਟਾ ਰੋਡ ਟੀ ਪੁਆਇੰਟ ਕਾਲੀਆ ਮੇਨ ਰੋਡ, ਜਾਖਲ ਰੋੜ ਕੜੈਲ, ਟੋਹਾਣਾ ਰੋਡ ਰਾਮਪੁਰਾ ਪਿਕਟ ਅਤੇ ਡਰੇਨ ਪੁਲ ਕੈਥਲ ਰੋਡ, ਖਨੌਰੀ ਵਿਖੇ ਨਾਕੇ ਲਗਾਏ ਗਏ ਹਨ। ਜਿਥੇ ਕਿ ਸ਼ੱਕੀ ਜਾਂ ਰੈਡ ਜ਼ੋਨ ਵਿੱਚੋਂ ਆਉਣ ਵਾਲੇ ਵਿਅਕਤੀਆਂ ਦਾ ਟੈਸਟਿੰਗ ਪੋਡ ਰਾਹੀਂ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਅੰਤਰ ਰਾਜੀ ਨਾਕਿਆਂ, ਹੋਰਨਾਂ ਰਾਜਾਂ ਵਿੱਚੋਂ ਪਰਤਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਵਸਨੀਕਾਂ, ਵੱਖ ਵੱਖ ਰਾਜਾਂ ਨੂੰ ਸੰਗਰੂਰ ਤੋਂ ਵਾਪਸ ਪਰਤਣ ਵਾਲੇ ਨਾਗਰਿਕਾਂ, ਟੈਸਟਿੰਗ ਪ੍ਰਕਿਰਿਆ ਦੌਰਾਨ ਨੈਗੇਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਪਿੰਡ ਪੱਧਰ 'ਤੇ ਜਾਂ ਸ਼ਹਿਰੀ ਖੇਤਰਾਂ ਵਿੱਚ ਸਥਾਪਤ ਇਕਾਂਤਵਾਸ ਕੇਂਦਰਾਂ, ਨਾਗਰਿਕ ਦੇ ਪਾਜ਼ੀਟਿਵ ਪਾਏ ਜਾਣ ਦੀ ਸਥਿਤੀ ਵਿੱਚ ਆਈਸੋਲੇਸ਼ਨ ਸੈਂਟਰਾਂ ਵਿੱਚ ਤੁਰੰਤ ਐਂਬੂਲੈਂਸਾਂ ਤੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਭਿਜਵਾਉਣ, ਹੋਰਨਾਂ ਰਾਜਾਂ ਦੇ ਨੋਡਲ ਅਧਿਕਾਰੀਆਂ ਨਾਲ ਲੋੜ ਪੈਣ 'ਤੇ ਤਾਲਮੇਲ ਕਰਨ ਸਬੰਧੀ ਅਪਣਾਈ ਜਾ ਰਹੀ ਪ੍ਰਕਿਰਿਆ ਦੀ ਸਮੀਖਿਆ ਕੀਤੀ।
ਸ਼੍ਰੀ ਥੋਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਜਾਰੀ ਹੋਣ ਵਾਲੇ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ, ਮਾਸਕ ਤੇ ਸੈਨੀਟਾਈਜੇਸ਼ਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਇਕਾਂਤਵਾਸ ਕੇਂਦਰਾਂ ਵਿੱਚ ਰਹਿੰਦੇ ਨਾਗਰਿਕਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਸਰਕਾਰ ਦੇ ਆਦੇਸ਼ਾਂ ਮੁਤਾਬਕ ਸਿਹਤ ਸਮੇਤ ਹੋਰ ਸੁਵਿਧਾਵਾਂ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜਿੰਦਰ ਬੱਤਰਾ, ਉਪ ਮੰਡਲ ਮੈਜਿਸਟਰੇਟ ਸ੍ਰੀ ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਸਿਵਲ ਸਰਜਨ ਡਾ ਰਾਜ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ ਬਰਾੜ, ਵਣ ਮੰਡਲ ਅਫ਼ਸਰ ਵਿਦਿਆ ਸਾਗਰੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।