ਅਸ਼ੋਕ ਵਰਮਾ
ਬਠਿੰਡਾ, 5 ਮਈ 2020 - ਕੋਰੋਨਾ ਵਾਇਰਸ ਦੇ ਮੱਦੇ ਨਜਰ ਲੱਗੇ ਕਰਫਿਊ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕੁੱਝ ਦੁਕਾਨਾਂ ਨੂੰ ਖੋਲਣ ਦੀ ਮਨਜੂਰੀ ਦੇਣ ਤੋਂ ਬਾਅਦ ਅੱਜ ਬੁੱਕ ਸੈਲਰਜ਼ ਐਂਡ ਸਟੇਸ਼ਨਰੀਜ਼ ਐਸੋਸੀਏਸ਼ਨ ਬਠਿੰਡਾ ਨੇ ਵੀ ਆਪਣੀਆਂ ਦੁਕਾਨਾਂ ਖੋਲਣ ਦੀ ਮੰਗ ਉਠਾ ਦਿੱਤੀ ਹੈ। ਅੱਜ ਇੱਥੇ ਐਸੋਸੀਏਸ਼ਨ ਦੇ ਮੈਂਬਰਾਂ ਦੀ ਇੱਕ ਮੀਟਿੰਗ ਰਵਿੰਦਰ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਕਿਤਾਬਾਂ ਅਤੇ ਕਾਪੀਆਂ ਆਦਿ ਵੇਚਣ ਵਾਲੇ ਦੁਕਾਨਦਾਰਾਂ ਨੇ ਭਾਗ ਲਿਆ।
ਦੁਕਾਨਦਾਰਾਂ ਨੇ ਦੱਸਿਆ ਕਿ ਕਰਫਿਊ ਦੌਰਾਨ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਬੰਦ ਹਨ ਅਤੇ ਬੱਚਿਆਂ ਦੀ ਪੜਾਈ ਆਨਲਾਈਨ ਹੋ ਰਹੀ ਹੈ। ਉਨਾਂ ਦੱਸਿਆ ਕਿ ਇਸ ਲਈ ਬੱਚਿਆਂ ਨੂੰ ਸਟੇਸ਼ਨਰੀ ਦੀ ਜਰੂਰਤ ਹੈ ਪਰ ਦੁਕਾਨਾਂ ਨੂੰ ਖੋਲਣ ਦੀ ਇਜਾਜਤ ਨਹੀਂ ਦਿੱਤੀ ਗਈ ਜਿਸ ਨਾਲ ਬੱਚਿਆਂ ਨੂੰ ਇਹ ਸਮਾਨ ਖਰੀਦਣ ਲਈ ਪ੍ਰੇਸ਼ਾਨੀ ਆ ਰਹੀ ਹੈ। ਉਨਾਂ ਆਖਿਆ ਕਿ ਦੁਕਾਨਦਾਰਾਂ ਦਾ ਕੰਮ ਵੀ ਠੱਪ ਹੋਣ ਕਰਕੇ ਉਹ ਆਰਥਿਕ ਸੰਕਟ ’ਚ ਫਸ ਗਏ ਹਨ।
ਉਨਾਂ ਕਿਹਾ ਕਿ ਵੱਡਾ ਖਤਰਾ ਸਿਉਂਕ ਦਾ ਹੈ ਜੋ ਦੁਕਾਨਾਂ ਬੰਦ ਹੋਣ ਕਾਰਨ ਕਾਪੀਆਂ ਅਤੇ ਕਿਤਾਬਾਂ ਨੂੰ ਲੱਗ ਸਕਦੀ ਹੈ। ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਕੀ ਦੁਕਾਨਾਂ ਵਾਂਗ ਬੱਚਿਆਂ ਦੀ ਪੜਾਈ ਨੂੰ ਦੇਖਦੇ ਹੋਏ ਕਿਤਾਬਾਂ ਦੀਆਂ ਦੁਕਾਨਾਂ ਨੂੰ ਵੀ ਖੋਲਣ ਦੀ ਇਜਾਜਤ ਦਿੱਤੀ ਜਾਵੇ। ਇਸ ਮੌਕੇ ਵੇਦ ਪ੍ਰਕਾਸ਼ ਗਰਗ, ਵਿਜੈ ਕੁਮਾਰ ਗਰਗ, ਪ੍ਰੇਮ ਕੁਮਾਰ ਸਿੰਗਲਾ,ਜਵਾਹਰ ਲਾਲ ਸ਼ਰਮਾ, ਅਤੁਲ ਕਪੂਰ ਅਤੇ ਸਤੀਸ਼ ਬਾਂਸਲ ਆਦਿ ਆਗੂ ਹਾਜਰ ਸਨ।