ਅਸ਼ੋਕ ਵਰਮਾ
ਬਠਿੰਡਾ, 5 ਮਈ 2020 - ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਅਤੇ ਅਖਿਲ ਭਾਰਤੀਆ ਸਵਰਨਕਾਰ ਸੰਘ ਦੇ ਨੈਸ਼ਨਲ ਵਾਈਸ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਪੰਜਾਬ ਸਵਰਨਕਾਰ ਸੰਘ ਦੇ ਜਰਨਲ ਸੈਕਟਰੀ, ਐਗਜੈਕਟਿਵ ਮੈਂਬਰ, ਜ਼ਿਲ੍ਹੇ ਅਤੇ ਸ਼ਹਿਰਾਂ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਬਾਰੇ ਜੌੜਾ ਨੇ ਦੱਸਿਆ ਕਿ ਸੰਘ ਵੱਲੋਂ ਮੁੱਖ ਮੰਤਰੀ ਪੰਜਾਬ, ਸੂਬੇ ਦੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਐਸਐਸਪੀ ਨੂੰ ਮੰਗ ਪੱਤਰ ਜਾਰੀ ਕਰਕੇ ਮੰਗ ਕੀਤੀ ਹੈ ਕਿ ਸੋਨਾ ਚਾਂਦੀ ਦੇ ਕਾਰੋਬਾਰ ਕਰਨ ਵਾਲਿਆਂ ਨੇ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਤੇ ਲੌਕਡਾਉਨ ਵਿੱਚ ਸਰਕਾਰ ਤੇ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਹੈ ਅਤੇ ਆਪਣੀ ਹੈਸੀਅਤ ਮੁਤਾਬਕ ਲੋੜਵੰਦਾਂ ਨੂੰ ਰਾਸ਼ਨ ਅਤੇ ਲੰਗਰ ਵੰਡਣ ਦੀ ਲਗਾਤਾਰ ਸੇਵਾ ਕਰਕੇ ਆਪਣਾ ਬਣਦਾ ਫਰਜ ਵੀ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਹੁਣ 40 ਦਿਨਾਂ ਬਾਅਦ ਹਰ ਜਿਲੇ ਵਿੱਚ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਪਰ ਜਾਰੀ ਕੀਤੀਆਂ ਦੁਕਾਨਦਾਰਾਂ ਦੀਆਂ ਕਈ ਲਿਸਟਾਂ ਵਿੱਚ ਜਵੈਲਰਾਂ ਦਾ ਕੋਈ ਨਾਮ ਸ਼ਾਮਲ ਨਹੀਂ ਹੈ। ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਵੈਲਰਾਂ ਨੂੰ ਵੀ ਦੁਕਾਨਾਂ ਖੋਲ੍ਹਣ ਦੀ ਰਾਹਤ ਦਿੱਤੀ ਜਾਵੇ ਤਾਂ ਜੋ ਉਹ ਵੀ ਆਪਣਾ ਬੰਦ ਪਿਆ ਕਾਰੋਬਾਰ ਚਲਾ ਕੇ ਆਪਣੇ ਘਰ ਚਲਾ ਸਕਣ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜਤ ਦਿੱਤੀ ਤਾਂ ਉਨ੍ਹਾਂ ਵੱਲੋਂ ਦੁਕਾਨਾਂ ਖੋਲ੍ਹਣ ਸਮੇਂ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।