ਰਜਨੀਸ਼ ਸਰੀਨ
- ਸੇਵਾ ਕੇਂਦਰਾਂ ’ਚ ਮੈਡੀਕਲ ਟੀਮਾਂ ਜਾਰੀ ਕਰ ਰਹੀਆਂ ਹਨ ਫਿੱਟਨੈਸ ਸਰਟੀਫ਼ਿਕੇਟ
- ਹੁਣ ਤੱਕ 5300 ਤੋਂ ਵਧੇਰੇ ਲੋਕਾਂ ਨੇ ਆਪਣੇ ਸੂਬਿਆਂ ’ਚ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ
ਨਵਾਂਸ਼ਹਿਰ, 6 ਮਈ 2020 - ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਕੋਵਿਡ ਲਾਕ ਡਾਊਨ ਦੌਰਾਨ ਆਪਣੇ ਘਰਾਂ ਨੂੰ ਜਾਣ ਦੇ ਚਾਹਵਾਨਾਂ ਲਈ ਮੈਡੀਕਲ ਸਕ੍ਰੀਨਿੰਗ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਉਨ੍ਹਾਂ ਲਈ ਲਾਜ਼ਮੀ ‘ਫ਼ਿੱਟਨੈਸ ਸਰਟੀਫ਼ਿਕੇਟ’ ਜਾਰੀ ਕਰ ਰਿਹਾ ਹੈ। ਇਸ ਮੁਹਿੰਮ ਤਹਿਤ ਅੱਜ ਬਾਅਦ ਸ਼ਾਮ ਤੱਕ 2000 ਵਿਅਕਤੀਆਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਇਸ ਮੌਕੇ ਜ਼ਿਲ੍ਹੇ ਦੇ 8 ਸੇਵਾ ਕੇਂਦਰਾਂ ’ਚ ਪ੍ਰਵਾਸੀ ਵਿਅਕਤੀਆਂ ਨੂੰ ਆਪਣੇ ਰਾਜ ਪਰਤਣ ’ਚ ਸਭ ਤੋਂ ਜ਼ਰੂਰੀ ਇਸ ਪ੍ਰਕਿਰਿਆ ਲਈ ਸੇਵਾ ਕੇਂਦਰਾਂ ਦਾ ਸਟਾਫ਼ ਅਤੇ ਮੈਡੀਕਲ ਸਟਾਫ਼ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ 5300 ਦੇ ਕਰੀਬ ਇਨ੍ਹਾਂ ਵਿਅਕਤੀਆਂ ਨੂੰ ਸ਼੍ਰਮਿਕ ਰੇਲ ਗੱਡੀਆਂ /ਬੱਸਾਂ ਰਾਹੀਂ ਘਰ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਨੂੰ ਨੇੜਲੇ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਤੱਕ ਛੱਡਣ ਦਾ ਪ੍ਰਬੰਧ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਨੁਸਾਰ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਕੋਵਿਡ ਹੈਲਪ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਸੀ ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ, ਇਨ੍ਹਾਂ ਲਈ ਨਵਾਂਸ਼ਹਿਰ, ਬੰਗਾ ਅਤੇ ਬਠਿੰਡਾ ਦੇ ਸੁਵਿਧਾ ਕੇਂਦਰਾਂ ’ਚ ਸੇਵਾ ਕੇਂਦਰਾਂ ਦੇ ਸਟਾਫ਼ ਰਾਹੀਂ ਹੀ ਫ਼ਾਰਮ ਭਰਨ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ। ਪੋਰਟਲ ’ਤੇ ਜਾਣਕਾਰੀ ਭਰਨ ਬਾਅਦ ਹੁਣ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਫ਼ਾਰਮ ਐਫ਼ (ਮੈਡੀਕਲ ਫ਼ਿਟਨੈਸ) ਜਾਰੀ ਕਰਨ ਲਈ ਸੇਵਾ ਕੇਂਦਰਾਂ ਦੀ ਗਿਣਤੀ ਤਿੰਨ ਤੋਂ ਵਧਾ ਕੇ ਅੱਠ ਕਰ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਤੁਰੰਤ ਸੇਵਾ ਮੁਹੱਈਆ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਸੇਵਾ ਲਈ ਉਨ੍ਹਾਂ ਪਾਸੋਂ ਕਿਸੇ ਵੀ ਤਰ੍ਹਾਂ ਦੀ ਕੋਈ ਫ਼ੀਸ ਨਹੀਂ ਵਸੂਲੀ ਗਈ ਬਲਕਿ ਸੇਵਾ-ਭਾਵਨਾ ਦੇ ਤੌਰ ’ਤੇ ਇਹ ਮੱਦਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੈਡੀਕਲ ਸਕ੍ਰੀਨਿੰਗ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਦੇ ਸੁਵਿਧਾ ਕੇਂਦਰਾਂ ਤੋਂ ਇਲਾਵਾ ਰਾਹੋਂ ਦੇ ਜਗੋਤਿਆ ਮੁਹੱਲਾ, ਮੁਕੰਦਪੁਰ, ਬਹਿਰਾਮ, ਕਾਠਗੜ੍ਹ ਅਤੇ ਔੜ ਵਿਖੇ ਚੱਲ ਰਹੀ ਹੈ ਤਾਂ ਜੋ ਇਨ੍ਹਾਂ ਪ੍ਰਵਾਸੀ ਵਿਅਕਤੀਆ ਨੂੰ ਘਰ ਪਰਤਣ ’ਚ ਕਿਸੇ ਕਿਸਮ ਦੀ ਔਕੜ ਨਾ ਆਵੇ। ਇਹ ਮੈਡੀਕਲ ਸਕ੍ਰੀਨਿੰਗ ਅਗਲੇ ਇਨ੍ਹਾਂ ਸਭਨਾਂ ਨੂੰ ਫ਼ਿੱਟਨੈਸ ਸਰਟੀਫ਼ਿਕੇਟ ਜਾਰੀ ਹੋਣ ਤੱਕ ਚਲਦੀ ਰਹੇਗੀ।