ਹੁਣ ਤੱਕ ਐਸ ਏ ਐਸ ਨਗਰ ਤੋਂ 1196 ਲੋਕਾਂ ਨੂੰ 45 ਬੱਸਾਂ ਵਿੱਚ ਉਤਰਾਖੰਡ, ਜੰਮੂ ਕਸ਼ਮੀਰ, ਲੇਹ, ਲੱਦਾਖ ਭੇਜਿਆ
ਐਸ ਏ ਐਸ ਨਗਰ, 6 ਮਈ 2020: ਦੂਜੇ ਰਾਜਾਂ ਦੇ ਪੰਜਾਬ ਵਿਚ ਫਸੇ ਲੋਕਾਂ ਨੂੰ ਵਾਪਸ ਭੇਜਣ ਦੀ ਮੁਹਿੰਮ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਈ। ਅੱਜ ਵਿਦਿਆਰਥੀਆਂ ਸਮੇਤ ਕੁੱਲ 319 ਵਿਅਕਤੀਆਂ ਨੂੰ 13 ਬੱਸਾਂ ਵਿਚ ਨਯਾਗਾਓਂ ਅਤੇ ਖਰੜ ਤੋਂ ਉਤਰਾਖੰਡ, ਜੰਮੂ ਕਸ਼ਮੀਰ ਅਤੇ ਲੇਹ (ਲੱਦਾਖ) ਨੂੰ ਵਾਪਸ ਭੇਜਿਆ ਗਿਆ।
ਹੁਣ ਤੱਕ ਐਸ ਏ ਐਸ ਨਗਰ ਤੋਂ 1196 ਲੋਕਾਂ ਨੂੰ 45 ਬੱਸਾਂ ਵਿੱਚ ਉਤਰਾਖੰਡ, ਜੰਮੂ ਕਸ਼ਮੀਰ, ਲੇਹ, ਲੱਦਾਖ ਭੇਜਿਆ ਜਾ ਚੁੱਕਿਆ ਹੈ। ਪਹਿਲੇ ਦਿਨ 464 ਲੋਕਾਂ ਨੂੰ 18 ਬੱਸਾਂ ਵਿੱਚ, ਦੂਜੇ ਦਿਨ 413 ਲੋਕਾਂ ਨੂੰ 14 ਬੱਸਾਂ ਵਿੱਚ ਉਤਰਾਖੰਡ, ਜੰਮੂ ਕਸ਼ਮੀਰ ਅਤੇ ਲੇਹ (ਲੱਦਾਖ) ਭੇਜਿਆ ਜਾ ਚੁੱਕਿਆ ਹੈ।
ਇਹ ਪ੍ਰਗਟਾਵਾ ਸ੍ਰੀ ਗਿਰੀਸ਼ ਦਿਆਲਨ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੇ ਕੀਤਾ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਫਸੇ ਲੋਕਾਂ ਨੂੰ ਆਪਣੇ ਘਰਾਂ ਨੂੰ ਵਾਪਸ ਭੇਜਣ ਤੋਂ ਪਹਿਲਾਂ ਡਾਕਟਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਚੰਗੀ ਤਰ੍ਹਾਂ ਸਕ੍ਰਿਨਿੰਗ ਕੀਤੀ ਗਈ ਸੀ।
ਸਕ੍ਰੀਨਿੰਗ ਪ੍ਰਕਿਰਿਆ ਅਤੇ ਬੱਸਾਂ ਵਿਚ ਸਵਾਰ ਹੋਣ ਸਮੇਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਸਖਤੀ ਨਾਲ ਪਾਲਣਾ ਕੀਤੀ ਗਈ।
ਲੋਕਾਂ ਨੇ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਨ੍ਹਾਂ ਦੇ ਸੂਬਿਆਂ ਵਿਚ ਵਾਪਸ ਭੇਜਣ ਦੀ ਸਹੂਲਤ ਲਈ ਦਿਲੋਂ ਧੰਨਵਾਦ ਕੀਤਾ।