ਅਸ਼ੋਕ ਵਰਮਾ
ਬਠਿੰਡਾ, 6 ਮਈ 2020 - ਰੁਲ ਤੇ ਗਲ ਰਹੀ ਕਣਕ ਤੇ ਪੀੜਤ ਕਿਸਾਨਾਂ ਅਤੇ ਰੁਜ਼ਗਾਰ ਬੰਦੀ ਦੇ ਸਤਾਏ ਕਿਰਤੀਆਂ ਦੇ ਹਿੱਤਾਂ-ਹੱਕਾਂ ਦੀ ਆਵਾਜ਼ ਉਠਾਉਂਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਕੌਮੀ ਪੈਦਾਵਾਰ ਅਤੇ ਇਸ ਨੂੰ ਪੈਦਾ ਕਰਨ ਵਾਲਿਆਂ ਨੂੰ ਬਚਾਉਣ ਲਈ ਹਾਅ ਦਾ ਨਾਹਰਾ ਮਾਰਨ।
ਮੋਰਚੇ ਦੇ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਪ੍ਰੈਸ ਨੂੰ ਭੇਜੇ ਬਿਆਨ ਵਿਚ ਕਿਹਾ ਹੈ ਕਿ ਕਣਕ, ਕੌਮੀ ਪੈਦਾਵਾਰ ਹੈ ਇਸ ਨੂੰ ਰੁਲਣੋਂ-ਗਲਣੋਂ ਬਚਾਉਣਾ ਚਾਹੀਦਾ ਹੈ ,ਖਾਸ ਤੌਰ ਤੇ ਹੁਣ ਵਰਗੇ ‘ਮਹਾਂਮਾਰੀ’ ਤੇ ਰੁਜ਼ਗਾਰਬੰਦੀ ਦੇ ਸਮਿਆਂ ਅੰਦਰ ਭੁੱਖੇ ਢਿੱਡ ਭਰਨ ਲਈ ਇਸ ਨੂੰ ਸੰਭਾਲਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਣਕ ਦਾ ਹੋਣਾ ਤੇ ਮੰਡੀਆਂ ’ਚ ਆਉਣਾ ਸਲਾਨਾ ਨਿਸ਼ਚਿਤ ਵਰਤਾਰਾ ਹੈ, ਫਿਰ ਸਰਕਾਰੀ ਖਰੀਦ ਏਜੰਸੀਆਂ ਦਾ ਸਮੇਂ ਸਿਰ ਮੰਡੀਆਂ ਵਿਚ ਨਾ ਆਉਣਾ, ਬਾਰਦਾਨਾ ਪੂਰਾ ਨਾ ਹੋਣਾ ਤੇ ਬੋਲੀ ਲਾਉਣ ਨੂੰ ਟਾਲੀ ਜਾਣਾ, ਕੌਮੀ ਪੈਦਾਵਾਰ ਅਤੇ ਪੈਦਾ ਕਰਨ ਵਾਲਿਆ ਦਾ ਨਿਰਾਦਰ ਹੈ। ਉਨਾਂ ਕਿਹਾ ਕਿ ਮੀਂਹ ਹਨੇਰੀ ਨਾਲ ਨੁਕਸਾਨ ਦਾ ਹਰਜਾਨਾ ਕਿਸਾਨ ਸਿਰ ਪਾਉਣਾ ਧੱਕਾ ਹੈ ਜੋਕਿ ਫਸਲ ਵੇਲੇ ਹੁੰਦਾ ਹੈ। ਉਨਾਂ ਕਿਹਾ ਕਿ ਇਹ ਸੰਸਾਰ ਵਪਾਰ ਸੰਗਠਨ ਦੀਆਂ ਸ਼ਰਤਾਂ ਤਹਿਤ ਬਣੀਆਂ ਸਰਕਾਰੀ ਖਰੀਦ ਨੀਤੀਆਂ ਦਾ ਸਿੱਟਾ ਹੈ।
ਮੋਰਚੇ ਦੇ ਆਗੂ ਨੇ ਕਿਹਾ ਕਿ ਅਚਾਨਕ ਲਾਗੂ ਕੀਤੇ ਲੌਕਡਾਊਨ ਕਾਰਨ ਘਰ ਤੋਂ ਬਾਹਰ ਗਿਆ ਹਰ ਕੋਈ ਘਰ ਨੂੰ ਮੁੜਿਆ ਹੈ ਜਾਂ ਮੁੜ ਰਿਹਾ ਹੈ। ਉਨਾਂ ਦੱਸਿਆ ਕਿ ਵਿਦੇਸ਼ਾਂ ਨੂੰ ਮੁਫੜ ਜਹਾਜ਼ ਭੇਜੇ ਅਤੇ ਏ.ਸੀ. ਬੱਸਾਂ ਭੇਜੀਆਂ, ਉਹ ਵੀ ਮੁਫ਼ਤ ਅਤੇ ਹੁਣ ਰੇਲਾਂ ਦੀ ਵਾਰੀ ਆਈ ਤਾਂ ਕਿਰਾਏ ਤੋਂ ਵੀ 50 ਰੁਪਏ ਵੱਧ ਮੰਗ ਲਏ ਗਏ ਹਨ ਜੋਕਿ ਨੰਗਾ-ਚਿੱਟਾ ਵਿਤਕਰਾ ਹੈ। ਉਨਾਂ ਦੱਸਿਆ ਕਿ ਇਹ ਉਹਨਾਂ ਨਾਲ ਹੋ ਰਿਹਾ, ਜਿਹੜੇ ਰੋਜ਼ੀ-ਰੋਟੀ ਦੀ ਭਾਲ ’ਚ ਘਰ-ਪਰਿਵਾਰ ਛੱਡ ਪ੍ਰਵਾਸੀ ਬਣੇ ਸਨ ਅਤੇ ਕੰਮ ਦੀ ਬੇਭਰੋਸਗੀ ਕਰਕੇ ਮੁੜ ਘਰ-ਪਰਿਵਾਰ ਵੱਲ ਨੂੰ ਭੁੱਖਣ ਭਾਣੇ ਤੁਰਨ ਤੇ ਰੁਲਣ ਲਈ ਮਜ਼ਬੂਰ ਹੋਏ ਹਨ।
ਮੋਰਚੇ ਨੇ ਸਰਕਾਰਾਂ ਤੋਂ ਕਣਕ ਨੂੰ ਕੌਮੀ ਪੈਦਾਵਾਰ ਮੰਨ ਕੇ ਇਸ ਦੀ ਖਰੀਦ ਕਰਨ, ਕਿਸਾਨ ਨੂੰ ਉਸ ਵੱਲੋਂ ਨਿਭਾਈ ਜਿੰਮੇਵਾਰੀ ਦਾ, ਸਰਕਾਰੀ ਮੁਲਾਜ਼ਮਾਂ ਵਾਂਗ ਬਣਦਾ ਪੂਰਾ ਫਲ ਦੇਣ ਅਤੇ ਰੇਲ ਰਾਹੀਂ ਜਾਣ ਵਾਲੇ ਮਜਦੂਰਾਂ ਨੂੰ ਵੀ ਜਹਾਜ਼ਾਂ ਵਾਲਿਆਂ ਵਾਂਗ ਬਿਨ ਕਿਰਾਇਆ ਘਰੀਂ ਪਹੁੰਚਦੇ ਕਰਨ ਦੀ ਮੰਗ ਕੀਤੀ ਹੈ।