ਅਸ਼ੋਕ ਵਰਮਾ
ਮਾਨਸਾ, 6 ਮਈ 2020 - ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਕਾਰਲ ਮਾਰਕਸ ਦੇ ਜਨਮ ਦਿਨ ਮੌਕੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ ਤੇ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੀਪੀਆਈ (ਐੱਮ ਐੱਲ) ਲਿਬਰੇਸ਼ਨ ਦੀ ਸਕੱਤਰ ਤੇ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਕਾਰਲ ਮਾਰਕਸ ਉਹ ਮਹਾਨ ਵਿਦਵਾਨ ਸਨ ਜਿੰਨਾਂ ਨੇ ਦੁਨੀਆ ਦੀ ਮਹਿਜ ਵਿਆਖਿਆ ਹੀ ਨਹੀਂ ਕੀਤੀ ਬਲਕਿ ਇਸਨੂੰ ਬਦਲਣ ਦਾ ਵਿਗਿਆਨਕ ਸਮਾਜਵਾਦ ਦਾ ਰਾਹ ਵੀ ਪੇਸ਼ ਕੀਤਾ। ਉਨਾਂ ਕਿਹਾ ਕਿ ਕਾਰਲ ਮਾਰਕਸ ਨੇ ਕਿਹਾ ਸੀ ਕਿ ਸਰਮਾਇਆ ਮੁਰਦਾ ਕਿਰਤ ਹੈ ਜੋ ਜਿੰਦਾ ਕਿਰਤ ਦਾ ਖੂਨ ਪੀ ਕੇ ਵਧਦਾ ਫੁੱਲਦਾ ਹੈ।
ਉਨਾਂ ਕਿਹਾ ਕਿ ਇਸ ਦੀ ਮਿਸਾਲ ਹੈ ਕਿ ਅੱਜ ਕੋਰੋਨਾ ਸੰਕਟ ਦੀ ਆੜ ਚ ਕੰਮ ਦਿਹਾੜੀ ਦੇ ਸਮੇਂ ਵਾਧਾ ਕਰ ਮਜਦੂਰਾਂ ਦਾ ਹੋਰ ਵਧੇਰੇ ਸ਼ੋਸ਼ਣ ਕਰਨ ਦੀ ਤਿਆਰੀ ਹੋ ਚੁੱਕੀ ਹੈ। ਉਨਾਂ ਆਖਿਆ ਕਿ ਹਕੀਕਤ ਚ ਵਧ ਰਹੀ ਬੇਰੁਜ਼ਗਾਰੀ ਦੇ ਹੱਲ ਲਈ ਦੇਸ਼ ਦੀ ਮਜਦੂਰ ਜਮਾਤ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਾਰਿਆਂ ਲਈ ਰੁਜ਼ਗਾਰ ਗਾਰੰਟੀ ਲਈ ਕੰਮ ਦੇ ਘੰਟੇ ਘੱਟ ਕਰਨ ਵਰਗੇ ਜਮਾਤੀ ਤੇ ਸਿਆਸੀ ਘੋਲ ਦੀ ਸ਼ੁਰੂਆਤ ਕਰਨੀ ਪਵੇਗੀ।
ਉਨਾਂ ਕਿਹਾ ਅੱਜ ਜਦੋਂ ਜੁਬਾਨ ਬੰਦੀ ਦਾ ਦੌਰ ਚੱਲ ਰਿਹਾ ਲੋਕ ਪੱਖੀ ਗੀਤ ਗਾਉਣ ਲਿਖਣ ਨਾਟਕ ਖੇਡਣ ਵਾਲਿਆਂ ਤੇ ਪਰਚੇ ਪਾਏ ਜਾ ਰਹੇ ਹੋਣ ਤਾਂ ਅਜਿਹੇ ਸਮੇਂ ਕਾਰਲ ਮਾਰਕਸ ਦਾ ਜੀਵਨ ਸਾਡੇ ਲਈ ਪ੍ਰੇਰਨਾਸ੍ਰੋਤ ਬਣ ਜਾਂਦਾ ਹੈ। ਉਨਾਂ ਦੇਸ਼ ਨਿਕਾਲਿਆਂ, ਅੱਤ ਗਰੀਬੀ ਤੇ ਬੱਚਿਆਂ ਦੀ ਭੁੱਖ ਨਾਲ ਮੌਤ ਦਾ ਸਾਹਮਣਾ ਕਰਦੇ ਹੋਏ ਵੀ ਮਜਦੂਰ ਜਮਾਤ ਦੇ ਹੱਕ ਚ ਨਿਰੰਤਰ ਲਿਖਣ ਅਤੇ ਸਰਗਰਮੀਆਂ ਜਾਰੀ ਰੱਖੀਆਂ।
ਉਨਾਂ ਕਿਹਾ ਕਿ ਮਜਦੂਰ ਜਮਾਤ ਦੀ ਪੁੱਗਤ ਵਾਲਾ ਸਮਾਜਵਾਦੀ ਸਮਾਜ ਸਿਰਜਣ ਦਾ ਅਹਿਦ ਤੇ ਨਿਰੰਤਰ ਯਤਨਸ਼ੀਲ ਰਹਿਣਾ ਹੀ ਸਹੀ ਅਰਥਾਂ ਚ ਇੱਕ ਮਾਰਕਸਵਾਦੀ ਲਈ ਜਰੂਰੀ ਕਰਤੱਵ ਹੈ। ਇਸ ਮੌਕੇ ਮਨਜੀਤ ਕੌਰ ,ਪਾਲ ਕੌਰ, ਸਰਬਜੀਤ ਕੌਰ, ਆਰਤੀ, ਰਮਨਦੀਪ ਕੌਰ, ਬਲਜੀਤ ਕੌਰ, ਲਾਭ ਕੌਰ ਅਤੇ ਮੁਖਤਿਆਰ ਕੌਰ ਆਦਿ ਆਗੂ ਹਾਜ਼ਰ ਸਨ।