ਹਰਿੰਦਰ ਨਿੱਕਾ
ਬਰਨਾਲਾ, 6 ਮਈ 2020 - ਜ਼ਿਲ੍ਹਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਵਿਚ ਕੋਵਿਡ 19 ਵਿਰੁੱਧ ਜੰਗ ਜਿੱਤਣ ਲਈ ਉਪਰਾਲੇ ਜਾਰੀ ਹਨ। ਬਰਨਾਲਾ ਵਿਚ ਨਾਂਦੇੜ ਤੋਂ ਪਰਤੇ ਵਿਅਕਤੀਆਂ ਲਈ ਬਣਾਏ ਏਕਾਂਤਵਾਸ ਕੇਂਦਰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਚ, ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਸਰੀਰਕ ਕਸਰਤ ਦੇ ਨਾਲ ਨਾਲ ਯੋਗ ਅਤੇ ਉਤਸ਼ਾਹ ਵਧਾਊ ਸੰਗੀਤ ਨਾਲ ਮਾਨਸਿਕ ਤੌਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਐਸਡੀਐਮ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਘੇੜਾ ਇਕਾਂਤਵਾਸ ਕੇਂਦਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਕਾਂਤਵਾਸ ਕੀਤੇ ਵਿਅਕਤੀਆਂ ਲਈ ਚੰਗੇ ਖਾਣ-ਪੀਣ ਅਤੇ ਰਹਿਣ-ਸਹਿਣ ਸਣੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਪ੍ਰਬੰਧਾਂ ਵਾਸਤੇ ਇਕ ਵਿਸ਼ੇਸ਼ ਟੀਮ ਦੀ ਡਿਊਟੀ ਲਾਈ ਗਈ ਹੈ। ਇਸ ਏਕਾਂਤਵਾਸ ਕੇਂਦਰ ਦਾ ਨੋਡਲ ਅਫਸਰ ਈਓ ਮਨਪ੍ਰੀਤ ਸਿੰਘ ਅਤੇ ਸਹਾਇਕ ਨੋਡਲ ਅਫਸਰ ਲੈਕਚਰਾਰ ਖੁਸ਼ਪ੍ਰੀਤ ਸਿੰਘ ਨੂੰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਐਮਈ ਇੰਦਰਜੀਤ ਸਿੰਘ, ਜੇਈ ਸੁਭਾਸ਼ ਚੰਦ, ਜਤਿੰਦਰ ਕੁਮਾਰ, ਚੀਫ ਸੈਨੇਟਰੀ ਇੰਸਪੈਕਟਰ ਬਿਸ਼ਨ ਦਾਸ ਤੇ ਸੈੇਨੇਟਰੀ ਇੰਸਪੈਕਟਰ ਅੰਕੁਸ਼ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸਾਰੇ ਤਰ੍ਹਾਂ ਪ੍ਰਬੰਧ ਸੁਚੱਜੇ ਯਕੀਨੀ ਬਣਾਏ ਜਾ ਸਕਣ। ਇਹ ਟੀਮ ਜਿੱਥੇ ਹੋਰ ਸੇਵਾਵਾਂ ਨਿਭਾਅ ਰਹੀ ਹੈ, ਉਥੇ ਏਕਾਂਤਵਾਸ ਕੀਤੇ ਵਿਅਕਤੀਆਂ ਨੂੰ ਰੋਜ਼ਾਨਾ ਸ਼ਾਮ ਨੂੰ ਯੋਗ, ਕਸਰਤ ਤੇ ਸੰਗੀਤ ਥੈੈਰੇਪੀ ਨਾਲ ਚੜ੍ਹਦੀ ਕਲਾ ਵਿਚ ਰੱਖ ਰਹੀ ਹੈ।
ਨੋਡਲ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਏਕਾਂਤਵਾਸ ਕੇਂਦਰ ਵਿਚ ਸ਼ੂਰੁਆਤੀ ਦਿਨਾਂ ਵਿਚ 60 ਦੇ ਕਰੀਬ ਵਿਅਕਤੀ ਸਨ, ਜਿਨ੍ਹਾਂ ਵਿਚ 4 ਸਾਲਾ ਬੱਚੀ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਉਮਰ ਵਾਲੇ ਸ਼ਾਮਲ ਸਨ। ਇਨ੍ਹਾਂ ਵਿਚੋਂ ਪਾਜ਼ੇਟਿਵ ਰਿਪੋਰਟ ਵਾਲਿਆਂ ਨੂੰ ਆਈਸੋਲੇਸ਼ਨ ਵਾਰਡ ’ਚ ਅਤੇ ਨੈਗੇਟਿਵ ਰਿਪੋਰਟਾਂ ਵਾਲਿਆਂ ਨੂੰ ਪਿੰਡ ਪੱਧਰੀ ਏਕਾਂਤਵਾਸ ਕੇਂਦਰਾਂ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਨਾਲ ਸਬੰਧਤ ਏਕਾਂਤਵਾਸ ਕੀਤੇ ਵਿਅਕਤੀ ਏਕਾਂਤਵਾਸ ਪੂਰਾ ਹੋਣ ਤੱਕ ਇੱਥੇ ਹੀ ਰਹਿਣਗੇ, ਜਿਨ੍ਹਾਂ ਲਈ ਟੀਮ 24 ਘੰਟੇ ਹਾਜ਼ਰ ਹੈ। ਉਨ੍ਹਾਂ ਦੱਸਿਆ ਕਿ ਇੱਥੇ ਮਹਿਲਾ ਸਟਾਫ ਤੋਂ ਇਲਾਵਾ ਸਫਾਈ ਸੇਵਕ ਵੀ ਬਾਖੂਬੀ ਡਿਊਟੀ ਨਿਭਾਅ ਰਹੇ ਹਨ।
ਇਸ ਮੌਕੇ ਨੌਜਵਾਨ ਅੰਗਰੇਜ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਨਾਂਦੇੜ ਸਾਹਿਬ ਤੋਂ ਇੱਥੇ ਲਿਆਂਦੇ ਗਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਅਤੇ ਸਾਰੀ ਟੀਮ ਦੀ ਸਾਂਭ-ਸੰਭਾਲ ਕਰ ਕੇ ਇੱਥੇ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਮਿਲਿਆ। ਇਸ ਤੋਂ ਇਲਾਵਾ ਇੱਥੇ ਸਰੀਰਕ ਕਸਰਤ, ਯੋਗ ਤੇ ਉਤਸ਼ਾਹ ਵਧਾਊ ਸੰਗੀਤ ਨੇ ਉਨ੍ਹਾਂ ਦਾ ਮਨੋਬਲ ਬਹੁਤ ਉਚਾ ਕੀਤਾ।