ਜੀ ਐਸ ਪੰਨੂ
ਪਟਿਆਲਾ, 6 ਮਈ 2020 - ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ 'ਤੇ ਆਪਣੀ ਘਰ ਵਾਪਸੀ ਦੇ ਚਾਹਵਾਨ ਉਤਰ ਪ੍ਰਦੇਸ਼ ਦੇ ਆਜਮਗੜ੍ਹ ਜ਼ਿਲ੍ਹੇ ਦੇ 1200 ਵਸਨੀਕਾਂ ਨੂੰ ਪਟਿਆਲਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਰਵਾਨਾ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਬੱਸ ਅੱਡੇ ਵਿਖੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਪੂਰੇ ਇਹਤਿਆਤ ਨਾਲ ਕੀਤੇ ਪ੍ਰਬੰਧਾਂ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਕੀਤੀ।
ਆਪਣੇ ਘਰਾਂ ਨੂੰ ਜਾਣ ਲਈ ਉਤਾਵਲੇ ਇਨ੍ਹਾਂ ਯਾਤਰੂਆਂ ਨੇ ਭੋਜਨ ਤੇ ਪਾਣੀ ਆਦਿ ਪ੍ਰਾਪਤ ਕਰਕੇ ਰਵਾਨਗੀ ਲਈ। ਅੱਜ ਭੇਜੇ ਗਏ ਇਨ੍ਹਾਂ ਯਾਤਰੂਆਂ ਦੀ ਬਣਾਈ ਗਈ ਸੂਚੀ ਆਜਮਗੜ੍ਹ ਪ੍ਰਸ਼ਾਸਨ ਨੂੰ ਵੀ ਭੇਜੀ ਗਈ ਹੈ।ਦੇਸ਼ ਵਿਆਪੀ ਲਾਕ ਡਾਊਨ ਤੇ ਕਰਫਿਊ ਕਰਕੇ ਹੋਰਨਾਂ ਰਾਜਾਂ ਦੇ ਪੰਜਾਬ 'ਚ ਫਸੇ ਅਤੇ ਵਾਪਸੀ ਦੇ ਚਾਹਵਾਨ ਵਿਅਕਤੀਆਂ ਦੀ ਘਰ ਵਾਪਸੀ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਕੀਤਾ ਅਤੇ http://www.covidhelp.punjab.gov.in/PunjabOutRegistration.aspx ਲਿੰਕ ਜਰੀਏ ਰਜਿਸਟਰ ਹੋਏ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਹੁਣ ਤੱਕ 34 ਹਜ਼ਾਰ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਹੈ ਤੇ ਅਗਲੇ ਦਿਨਾਂ 'ਚ ਜੌਨਪੁਰ, ਅੰਬੇਦਕਰ ਨਗਰ, ਸੁਲਤਾਨਪੁਰ ਅਤੇ ਬਿਹਾਰ ਲਈ ਗੱਡੀਆਂ ਭਿਜਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਉਹ ਕਾਫ਼ੀ ਲੰਮੇ ਅਰਸੇ ਤੋਂ ਆਪਣੇ ਘਰ ਵਾਪਿਸ ਜਾਣਾ ਚਾਹੁੰਦੇ ਸਨ ਪਰੰਤੂ ਲਾਕ ਡਾਊਨ ਕਰਕੇ ਇਥੇ ਹੀ ਫਸ ਕੇ ਰਹਿ ਗਏ ਸਨ। ਇਸ ਤੋਂ ਇਲਾਵਾ ਪੰਜਾਬ 'ਚ ਦਾਖਲੇ ਲਈ ਪਟਿਆਲਾ ਜ਼ਿਲ੍ਹੇ ਅੰਦਰ 4 ਦਾਖਲਾ ਨਾਕਿਆਂ ਰਾਹੀਂ ਪਰਤਣ ਵਾਲਿਆਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਜਾਂ ਸਰਕਾਰੀ ਇਕਾਂਤਵਾਸ ਕੇਂਦਰਾਂ 'ਚ ਕਵਾਰੰਟਾਈਨ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ ਤੇ ਕਸ਼ਮੀਰ ਦੇ 500 ਅਤੇ ਰਾਜਸਥਾਨ ਦੇ 145 ਬਸ਼ਿੰਦਿਆਂ ਨੂੰ ਬੱਸਾਂ ਰਾਹੀਂ ਵਾਪਸ ਭਿਜਵਾਇਆ ਸੀ।