ਐਸ ਏ ਐਸ ਨਗਰ, 7 ਮਈ 2020: ਐਸ ਏ ਐਸ ਨਗਰ ਵਿੱਚ ਰਹਿੰਦੇ ਟ੍ਰਾਈਸਿਟੀ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਲੋੜੀਂਦੀ ਰਾਹਤ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਲੋਕਾਂ ਨੂੰ ਅਧਿਕਾਰਤ ਸ਼ਨਾਖਤੀ ਕਾਰਡਾਂ ਰਾਹੀਂ ਮੁਹਾਲੀ ਆਪਣੇ ਦਫਤਰਾਂ ਵਿੱਚ ਆਉਣ-ਜਾਣ ਦੀ ਆਗਿਆ ਦਿੱਤੀ ਹੈ।
ਉਹਨਾਂ ਦੁਆਰਾ ਦਿੱਤੀ ਗਈ ਮਨਜ਼ੂਰੀ ਅਨੁਸਾਰ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਜਨਤਕ ਜਾਂ ਨਿੱਜੀ ਵੱਖ-ਵੱਖ ਦਫਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਮੁਹਾਲੀ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਵੇਲੇ ਕਿਸੇ ਵੀ ਤਰ੍ਹਾਂ ਦੇ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਉਹ ਮਾਲਕ ਦੁਆਰਾ ਜਾਰੀ ਕੀਤੇ ਗਏ ਪਛਾਣ ਪੱਤਰ ਨਾਲ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਦੇ ਦਰਮਿਆਨ ਆਪਣੇ ਕੰਮ ਵਾਲੀ ਥਾਂ ‘ਤੇ ਆਉਣ-ਜਾਣ ਦੇ ਯੋਗ ਹੋਣਗੇ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਦੇ ਹਜ਼ਾਰਾਂ ਕਰਮਚਾਰੀ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਵਿੱਚ ਕੰਮ ਕਰ ਰਹੇ ਹਨ। ਕਰਫਿਊ ਵਿੱਚ ਢਿੱਲ ਅਤੇ ਟ੍ਰਾਈਸਿਟੀ ਵਿੱਚ ਘੱਟੋ ਘੱਟ ਸਟਾਫ ਦੇ ਨਾਲ ਦਫਤਰ ਖੋਲ੍ਹਣ ਦੀ ਆਗਿਆ ਨੇ ਉਹਨਾਂ ਲਈ ਆਪਣੇ ਦਫਤਰਾਂ ਵਿੱਚ ਜਾਣ ਲਈ ਹਰੇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ਇੱਕ ਪਾਸ ਕਰਵਾਉਣ ਜਰੂਰੀ ਕਰ ਦਿੱਤਾ ਸੀ।
ਟ੍ਰਾਈਸਿਟੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਿਆਂ, ਜਿਸ ਵਿੱਚ ਨਾਲ ਲੱਗਦੇ ਤਿੰਨ ਸ਼ਹਿਰ ਆਰਥਿਕ ਤੌਰ 'ਤੇ ਜੁੜੇ ਹੋਏ ਹਨ, ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ, "ਅਸੀਂ ਕੰਮ ਕਰਨ ਵਾਲੇ ਲੋਕਾਂ ਦੀ ਸਹੀ ਤੇ ਜਾਇਜ਼ ਆਵਾਜਾਈ ਨੂੰ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਦਫਤਰੀ ਆਈਕਾਰਡ ਰਾਹੀਂ ਮੁਹਾਲੀ ਵਿਚ ਜਾਂ ਬਾਹਰ ਉਨ੍ਹਾਂ ਦੇ ਦਫਤਰ ਵਿੱਚ ਕੰਮ ਕਰਨ ਦੀ ਆਗਿਆ ਦਿੰਦੇ ਹਾਂ।"