ਫਿਰੋਜ਼ਪੁਰ 7 ਮਈ 2020 : ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਦੌਰਾਨ ਦੋ ਵੱਖ ਵੱਖ ਥਾਵਾਂ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਸਾਢੇ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮਮਦੋਟ ਪੁਲਿਸ ਦੇ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਏਐੱਸਆਈ ਜਤਿੰਦਰ ਸਿੰਘ ਦੀ ਅਗਵਾਈ ਵਿਚ ਦੌਰਾਨੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਘੋੜਾ ਚੱਕ ਮਮਦੋਟ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੁਬੇਗ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਵਾਰਡ ਨੰਬਰ 9 ਮਮਦੋਟ ਜੋ ਨਸ਼ਾ ਕਰਨ ਦਾ ਆਦੀ ਹੈ ਤੇ ਤੁਰ ਫਿਰ ਕੇ ਨੇੜਲੇ ਪਿੰਡਾਂ ਵਿਚ ਹੈਰੋਇਨ ਸਪਲਾਈ ਕਰਦਾ ਹੈ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਦੋਸ਼ੀ ਸੁਬੇਗ ਸਿੰਘ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 3 ਗ੍ਰਾਮ 500 ਮਿਲੀਗ੍ਰਾਮ (ਸਾਢੇ 3 ਗ੍ਰਾਮ) ਹੈਰੋਇਨ ਬਰਾਮਦ ਹੋਈ।
ਉਧਰ ਸੀਆਈਏ ਸਟਾਫ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਪਿੱਪਲ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਬੀਤੀ ਸ਼ਾਮ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸਤੀਏ ਵਾਲਾ ਚੋਂਕ ਕੋਲ ਪਹੁੰਚੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਰਮਲ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਮਕਾਨ ਨੰਬਰ 423 ਮੱਖੂ ਰੋਡ, ਨਾਨਕ ਨਗਰੀ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਜੋ ਨਸ਼ਾ ਕਰਨ ਤੇ ਵੇਚਣ ਦਾ ਆਦੀ ਹੈ, ਜੋ ਅੱਜ ਵੀ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਦਾਣਾ ਮੰਡੀ ਸਾਂਦੇ ਹਾਸ਼ਮ ਆਵੇਗਾ, ਜੇਕਰ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ।
ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਦੋਸ਼ੀ ਜਰਮਲ ਸਿੰਘ ਨੂੰ ਕਾਬੂ ਕੀਤਾ ਤਾਂ ਇਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਕਰ ਲਏ ਗਏ ਹਨ।