ਅਸ਼ੋਕ ਵਰਮਾ
- ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜ੍ਨ ਦੀ ਨਸੀਹਤ
ਬਠਿੰਡਾ, 7 ਮਈ 2020 - ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਕਣਕ ਦੇ ਨਾੜ , ਪੂਸਾ 44 ਦੀ ਬਿਜਾਈ ਤੇ ਝੋਨਾ ਲਗਾਉਣ ਲਈ ਲੇਬਰ ਦੀ ਘਾਟ ਵਰਗੇ ਭਖਦੇ ਮਸਲਿਆਂ ਨੂੰ ਲੈਕੇ ਚਿੰਤਾ ਜਤਾਈ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਦੇ ਸੰਦਰਭ ’ਚ ਕਿਸਾਨਾਂ ਨਾਲ ਹਮਦਰਦੀ ਜਤਾਕੇ ਢੁੱਕਵੀਂ ਸਹਾਇਤਾ ਕਰਨੀ ਚਾਹੀਦੀ ਸੀ ਪਰ ਸਰਕਾਰ ਨੇ ਬਣਦਾ ਫਰਜ ਨਹੀਂ ਨਿਭਾਇਆ ਅਤੇ ਖੇਤੀ ਖੇਤਰ ਨੂੰ ਉਸ ਦੇ ਹਾਲ ਤੇ ਛੱਡ ਦਿੱਤਾ ਹੈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਤੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਦੋਸ ਲਾਇਆ ਕਿ ਕਿਸਾਨਾਂ ਸਾਹਮਣੇ ਕਈ ਸਮੱਸਿਆਵਾਂ ਹੋਈਆਂ ਹਨ ਜਿੰਨਾਂ ਨੂੰ ਜਾਣੇ ਬਗੈਰ ਸਰਕਾਰ ਬਿਨਾਂ ਕਿਸੇ ਸਹਾਇਤਾ ਤੋਂ ਨਾਦਰਸ਼ਾਹੀ ਬਿਆਨ ਜਾਰੀ ਕਰ ਰਹੀ ਹੈ। ਉਨਾਂ ਆਖਿਆ ਕਿ ਪਰਾਲੀ ਤੇ ਨਾੜ ਦੀ ਸਾਂਭ ਸੰਭਾਲ ਲਈ ਮਹਿਤਾਬ ਸਿੰਘ ਕਮੇਟੀ ਦੀ ਰਿਪੋਰਟ ਅਜੇ ਤੱਕ ਜਾਰੀ ਨਹੀਂ ਕੀਤੀ ਜਦੋਂਕਿ ਕਿਸਾਨ ਜਥੇਬੰਦੀਆਂ ਪਿਛਲੇ ਸਾਲਾਂ ਤੋਂ ਨਾੜ ਜਾਂ ਪਰਾਲੀ ਨੂੰ ਜਮੀਨ ਵਿੱਚ ਗਾਲਣ ਲਈ 200 ਰੁਪਏੇ ਪ੍ਰਤੀ ਕੁਇੰਟਲ ਬੋਨਸ ਅਤੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਮੰਗ ਰਹੀਆਂ ਹਨ ਤਾਂ ਜੋ ਕਿਸਾਨ ਨਾੜ ਜਾਂ ਪਰਾਲੀ ਨੂੰ ਧਰਤੀ ਵਿੱਚ ਗਾਲ ਕੇ ਅਗਲੀ ਫਸਲ ਵਾਸਤੇ ਖੇਤ ਤਿਆਰ ਕਰ ਸਕਣ।
ਉਨਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆ ਇਹਨਾਂ ਮੰਗਾਂ ਨੂੰ ਲਾਗੂ ਕਰੇ ਤਾਂ ਜੋ ਬੁਰੀ ਹਾਲਤ ਵਿੱਚ ਫਸੀ ਕਿਸਾਨੀ ਨੂੰ ਥੋੜੀ ਰਾਹਤ ਮਿਲ ਸਕੇ। ਉਨਾਂ ਕਿਹਾ ਕਿ ਜਦੋਂ ਇਸ ਨਾਜੁਕ ਦੌਰ ਵਿੱਚ ਦੁਖੀ ਕਤਤੀ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਕਿਸਾਨਾਂ ਦਾ ਗੁੱਸਾ ਫੁੱਟਣਾ ਕੁਦਰਤੀ ਹੈ। ਉਨਾਂ ਆਖਿਆ ਕਿ ਇਸੇ ਤਰਾਂ ਹੀ ਝੋਨੇ ਦੀ ਪੂਸਾ 44 ਕਿਸਮ ਦੀ ਲਵਾਈ ਬਾਰੇ ਜੋ ਕਿਸਾਨਾਂ ਵਿੱਚ ਭੰਬਲਭੂਸਾ ਪਾਇਆ ਜਾ ਰਿਹਾ ਹੈ, ਉਹ ਬੰਦ ਕਰਕੇ ਕਿਸਾਨਾਂ ਨੂੰ ਇਹ ਕਿਸਮ ਲਾਉਣ ਦੀ ਖੁੱਲ ਦਿੱਤੇ ਜਾਣ ਦੀ ਲੋੜ ਹੈ ਕਿਉਕਿ ਹੋਰ ਕਿਸਮਾਂ ਇਸ ਦੇ ਬਰਾਬਰ ਝਾੜ ਨਹੀਂ ਦਿੰਦੀਆਂ, ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ।
ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ। ਉਨਾਂ ਕਿਹਾ ਕਿ ਸਰਕਾਰ ਸਹਿਕਾਰੀ ਸਭਾਵਾਂ ਰਾਹੀਂ ਸਸਤੇ ਰੇਟਾਂ ਤੇ ਬਿਜਾਈ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨ ਵੀ ਰੁਚੀ ਦਿਖਾਉਣ। ਉਨਾਂ ਸਰਕਾਰ ਨੂੰ ਆਪਣੀ ਜਿਮੇਵਾਰੀ ਤੇ ਪ੍ਰਵਾਸੀ ਮਜਦੂਰਾਂ ਦੀ ਸਿਹਤ ਤੇ ਉਹਨਾਂ ਨੂੰ ਲਿਆਉਣ ਦੀ ਜਿਮੇਵਾਰੀ ਲੈਣ ਅਤੇ ਛੋਟੇ ਤੇ ਗਰੀਬ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਝੋਨੇ ਦੀ ਲਵਾਈ ਆਪ ਕਰਨ ਦੀ ਸਲਾਹ ਦਿੱਤੀ ਹੈ। ਉਨਾਂ ਆਖਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਝੋਨੇ ਦੀ ਲਵਾਈ ਨੂੰ ਲੈ ਕੇ ਭਾਅ ਦੇ ਸਬੰਧ ਵਿੱਚ ਹੋਣ ਵਾਲੇ ਸੰਭਾਵੀ ਟਕਰਾ ਨੂੰ ਸੁਲਝਾਉਣ ਲਈ ਪਿੰਡਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕੱਠੇ ਬੈਠ ਕੇ ਭਾਅ ਤਹਿ ਕਰਨੇ ਚਾਹੀਦੇ ਹਨ ਅਤੇ ਅਪਣੀ ਭਾਈਚਾਰਕ ਸਾਂਝ ਨੂੰ ਨਹੀਂ ਤੋੜਨਾ ਚਾਹੀਦਾ।
ਉਨਾਂ ਕਿਸਾਨਾਂ ਤੇ ਮਜਦੂਰਾਂ ਨੂੰ ਸੁਚੇਤ ਕੀਤਾ ਕੁੱਝ ਥਾਵਾਂ ਤੇ ਪਿੰਡਾਂ ਦੇ ਅਖੌਤੀ ਚੌਧਰੀ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਮਜ਼ਦੂਰਾਂ ਦਾ ਬਾਈਕਾਟ ਕਰਾਉਣ ਦੀਆਂ ਵਿਉਂਤਾਂ ਬਣਾ ਰਹੇ ਹਨ ਜਿਸ ਲਈ ਧਮਕੀਆਂ ਦਸ ਸਹਾਰਾ ਲਿਆ ਜਾ ਰਿਹਾ ਹੈ ਇਸ ਲਈ ਕਿਸਾਨ ਮਜ਼ਦੂਰ ਇੱਕ ਜੁਟ ਹੋ ਕੇ ਉਨਾਂ ਦੀਆਂ ਪਾਟਕ ਪਾਉ ਚਾਲਾਂ ਦਾ ਵਿਰੋਧ ਕਰਨ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਵਤੀਰਾ ਨਾਂ ਬਦਲਿਆ ਤਾਂ ਅੱਕੇ ਕਿਸਾਨ ਸੰਘਰਸ਼ ਦੇ ਰਾਹ ਪੈਣਗੇ ਤਾਂ ਜਿੰਨਾਂ ਦਾ ਕਿਸਾਨ ਜਥੇਬੰਦੀ ਉਹਨਾਂ ਨਾਲ ਖੜੇਗੀ ਅਤੇ ਸਰਕਾਰ ਖਿਲਾਫ ਮੋਰਚਾ ਭਢਾਇਆ ਜਾਏਗਾ।