ਹਰੀਸ ਕਾਲੜਾ
ਰੂਪਨਗਰ, 07 ਮਈ 2020 : ਸਿਵਲ ਸਰਜਨ ਰੂਪਨਗਰ ਡਾ.ਐਚ.ਐਨ ਸ਼ਰਮਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਬਜ਼ੁਰਗਾਂ ਦੀ ਖਾਸ ਸੰਭਾਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਵਿੱਚ ਘੱਟ ਰੋਗ ਪ੍ਰਤੀਰੋਧਕ ਸਮਰੱਥਾ ਅਤੇ ਸਰੀਰਿਕ ਭੰਡਾਰ ,ਪਹਿਲਾਂ ਤੋਂ ਗ੍ਰਸਤ ਬਿਮਾਰੀਆ ਜਿਵੇਂ ਕਿ ਸਾਹ ਦੀ ਬਿਮਾਰੀ,ਦਿਲ ਦੀਆਂ ਗੰਭੀਰ ਬਿਮਾਰੀਆ, ਗੁਰਦੇ, ਜਿਗਰ, ਸ਼ੂਗਰ, ਹਾਈਪਰਟੈਨਸ਼ਨ ਅਤੇ ਕੈਂਸਰ ਆਦਿ ਬਿਮਾਰੀਆਂ ਦੇ ਕਾਰਨ ਕੋਵਿਡ-19 ਸੰਕ੍ਰਮਣ ਦਾ ਖਤਰਾ ਵੱਧ ਜਾਂਦਾ ਹੈ।
ਇਸ ਲਈ ਕੋਵਿਡ 19 ਦੀ ਰੋਕਥਾਮ ਲਈ ਬਜ਼ੁਰਗਾਂ ਅਤੇ ਉਹਨਾਂ ਦੀ ਸਾਂਭ-ਸੰਭਾਲ ਕਰਨ ਵਾਲੇ ਲੋਕਾਂ ਲਈ ਰੋਕਥਾਮ ਦੇ ਕੁੱਝ ਖਾਸ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਜਰੂਰੀ ਹੈ ।ਡਾ. ਸ਼ਰਮਾਂ ਨੇ ਕਿਹਾ ਕਿ ਸਾਰੇ ਬਜ਼ੁਰਗਾਂ ਲਈ ਸਲਾਹ ਹੈ ਕਿ ਘਰ ਦੇ ਅੰਦਰ ਹੀ ਰਹਿ ਕੇ ਹਲਕੀ ਕਸਰਤ ਜਾਂ ਯੋਗਾ ਆਦਿ ਕਰ ਸਕਦੇ ਹਨ ਅਤੇ ਡਾਕਟਰੀ ਸਲਾਹ ਅਨੁਸਾਰ ਪਹਿਲਾਂ ਤੋਂ ਲਈਆ ਜਾ ਰਹੀਆ ਨਿਯਮਿਤ ਦਵਾਈਆਂ ਖਾਂਦੇ ਰਹਿਣ ।
ਆਪਣੇ ਘਰ ਵਿੱਚ ਕਿਸੇ ਮਹਿਮਾਨ ਦੇ ਆਉਣ ਤੋਂ ਪਰਹੇਜ਼ ਕਰਨ ਅਤੇ ਘਰ ਵਿੱਚ ਬਣਾਇਆ ਗਿਆ ਤਾਜਾ ਤੇ ਗਰਮ ਖਾਣਾ ਹੀ ਖਾਧਾ ਜਾਵੇ,ਸਮੇਂ-ਸਮੇਂ ਤੇ ਪਾਣੀ ਪੀ ਕੇ ਪਾਣੀ ਦੀ ਕਮੀ ਤੋਂ ਬਚਿਆ ਜਾ ਸਕਦਾ ਹੈ । ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 40 ਸੈਕਿੰਡ ਤੱਕ ਧੋਵੋ ।ਜੇਕਰ ਹੱਥ ਸਾਫ਼ ਦਿਖਾਈ ਦੇ ਰਹੇ ਹੋਣ ਤਾਂ ਫਿਰ ਵੀ ਹੱਥਾਂ ਨੂ ਧੋਵੋ ਜਾਂ ਸੈਨੀਟਾਈਜ਼ ਕਰੋ ।ਉਨ੍ਹਾਂ ਕਿਹਾ ਕਿ ਜਿਆਦਾ ਛੂਹੀਆਂ ਜਾਣ ਵਾਲੀਆ ਵਸਤੂਆਂ ਜਿਵੇਂ ਕਿ ਐਨਕ,ਡੈਂਚਰ,ਦਵਾਈ ਵਾਲੇ ਡੱਬੇ,ਭਾਂਡਿਆ ਆਦਿ ਨੂੰ ਵਰਤੋਂ ਤੋਂ ਪਹਿਲਾ ਅਤੇ ਬਾਅਦ ਵਿੱਚ ਨਿਯਮਿਤ ਢੰਗ ਨਾਲ ਸਾਫ ਕਰੋ ।
ਜੇਕਰ ਕਿਸੇ ਬਜ਼ੁਰਗ ਜਾਂ ਕੇਅਰਟੇਕਰ ਨੂੰ ਖੰਘ/ਛਿੱਕਾਂ ਆ ਰਹੀਆ ਹਨ ਤਾਂ ਰੁਮਾਲ ਨਾਲ ਚਿਹਰੇ ਨੂੰ ਢੱਕਿਆ ਜਾਵੇ ਅਤੇ ਮੂੰਹ ,ਨੱਕ ਅਤੇ ਅੱਖਾਂ ਨੂੰ ਹੱਥਾਂ ਨਾਲ ਨਾ ਛੂਹੋ। ਖੁੁੱਲ੍ਹੇ ਵਿੱਚ ਨਾ ਥੁੱਕਿਆ ਜਾਵੇ ਅਤੇ ਕਿਸੇ ਐਮਰਜੈਂਸੀ ਹਾਲਾਤ ਦੇ ਲਈ ਆਪਣੇ ਕੋਲ ਸਰਕਾਰੀ ਹੈਲਪਲਾਈਨ/ਰਿਸ਼ਤੇਦਾਰਾਂ ਦੇ ਨੰਬਰ ਜਰੂਰ ਰੱਖਣ । ਉਨ੍ਹਾ ਕਿਹਾ ਕਿ ਆਪਣੀ ਸਿਹਤ ਦੀ ਖੁਦ ਜਾਂਚ ਕਰਦੇ ਰਹੋ ।ਜੇਕਰ ਬੁਖਾਰ,ਖਾਂਸੀ ਤੇ ਸਾਹ ਲੈਣ ਵਿੱਚ ਤਕਲੀਫ ਵਰਗੇ ਲੱਛਣ ਹਨ ਤਾਂ ਆਪਣੀ ਨਜਦੀਕੀ ਸਿਹਤ ਸੰਸਥਾ ਨਾਲ ਸੰਪਰਕ ਕਰੋ ਜਾਂ 104 ਨੰਬਰ ਤੇ ਡਾਇਲ ਕੀਤਾ ਜਾਵੇ ।