ਹਰਿੰਦਰ ਨਿੱੱਕਾ
- ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਸਬੰਧੀ ਪ੍ਰਸ਼ਾਸਨਿਕ ਤਿਆਰੀਆਂ ਸਬੰਧੀ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਕਰਵਾਇਆ ਗਿਆ ਜਾਣੂੰ
ਸੰਗਰੂਰ, 7 ਮਈ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦਾ ਪ੍ਰਭਾਵ ਘਟਾਉਣ ਅਤੇ ਲੋਕਾਂ ਨੂੰ ਜ਼ਰੂਰੀ ਵਸਤਾਂ ਤੇ ਸੁਵਿਧਾਵਾਂ ਪੁੱਜਦੀਆਂ ਕਰਨ ਲਈ ਸਮੇਂ-ਸਮੇਂ 'ਤੇ ਜਾਰੀ ਕੀਤੇ ਗਏ ਹੁਕਮਾਂ ਤੇ ਦਿਸ਼ਾ-ਨਿਰਦੇਸ਼ਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂੰ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅੱਜ ਵਿਧਾਇਕਾਂ ਤੇ ਹੋਰ ਆਗੂਆਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਐਮ.ਐਲ.ਏ. ਅਮਰਗੜ ਸੁਰਜੀਤ ਸਿੰਘ ਧੀਮਾਨ, ਐਮ.ਐਲ.ਏ. ਧੂਰੀ ਦਲਵੀਰ ਸਿੰਘ ਗੋਲਡੀ, ਚੇਅਰਮੈਨ ਜ਼ਿਲਾ ਯੋਜਨਾ ਬੋਰਡ ਰਾਜਿੰਦਰ ਸਿੰਘ ਰਾਜਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਨਰੇਸ਼ ਗਾਬਾ, ਸੀਨੀਅਰ ਆਗੂ ਅਜੈਬ ਸਿੰਘ ਰਟੋਲਾਂ, ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਅਤੇ ਹਰਮਨ ਬਾਜਵਾ ਵੀ ਹਾਜ਼ਰ ਸਨ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸੰਗਰੂਰ ਜ਼ਿਲੇ ਅੰਦਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 12 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਆਪਣੇ ਪੱਕੇ ਰਿਹਾਇਸ਼ੀ ਠਿਕਾਣਿਆਂ 'ਤੇ ਪੁੱਜਣ ਲਈ ਰਜਿਸਟਰੇਸ਼ਨ ਕਰਵਾਈ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਨਾਂ ਵਿਅਕਤੀਆਂ ਨੂੰ ਰੇਲ ਗੱਡੀਆਂ ਜਾਂ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਘਰ ਭੇਜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਕਾਰਜ ਲਈ ਡਵੀਜ਼ਨਲ ਵਣ ਅਧਿਕਾਰੀ, ਵਧੀਕ ਡਿਪਟੀ ਕਮਿਸ਼ਨਰ (ਵਿ) ਤੇ ਜ਼ਿਲਾ ਮਾਲ ਅਫ਼ਸਰ ਨੂੰ ਨੋਡਲ ਅਫ਼ਸਰ ਤੈਨਾਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਨੋਡਲ ਅਫ਼ਸਰ ਸੰਗਰੂਰ ਜ਼ਿਲੇ ਨਾਲ ਸਬੰਧਤ ਵਿਅਕਤੀਆਂ ਦੀ ਅੰਤਰਰਾਜੀ ਆਵਾਜਾਈ ਲਈ ਲੋੜੀਂਦੇ ਸਾਰੇ ਪ੍ਰਬੰਧ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਰੂਰ ਜ਼ਿਲੇ ਦੀਆਂ ਸਾਰੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਦਾਖ਼ਲ ਹੋਣ ਲਈ 13 ਮੁੱਖ ਸੜਕਾਂ 'ਤੇ ਨਾਕੇ ਲਗਾ ਕੇ ਮੈਡੀਕਲ ਟੀਮਾਂ ਦੀ ਵੀ ਤੈਨਾਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਇਨਾਂ ਨਾਕਿਆਂ 'ਤੇ ਰੈੱਡ ਜ਼ੋਨ ਜਾਂ ਕੰਟੈਨਮੈਂਟ ਜ਼ੋਨ ਤੋਂ ਸੰਗਰੂਰ 'ਚ ਦਾਖ਼ਲ ਹੋਣ ਵਾਲੇ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਯਕੀਨੀ ਬਣਾਈ ਜਾ ਰਹੀ ਹੈ।
ਥੋਰੀ ਨੇ ਦੱਸਿਆ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਚੰਗੇਰੀ ਦੇਖ-ਭਾਲ ਲਈ ਘਾਬਦਾਂ ਵਿਖੇ ਸਥਿਤ ਮੈਰੀਟੋਰੀਅਸ ਸਕੂਲ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਤਿਆਰ ਕੀਤਾ ਗਿਆ ਹੈ ਜਦਕਿ ਰਹਿਬਰ ਇੰਸਚੀਟਿਊਟ ਅਤੇ ਭਾਈ ਗੁਰਦਾਸ ਕਾਲਜ ਵਿਖੇ ਵੀ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਮੁਸ਼ਕਿਲ ਦੇ ਇਸ ਦੌਰ 'ਚ ਵੱਖ-ਵੱਖ ਸਮਾਜ ਸੇਵੀ ਸੰਗਠਨ ਵੀ ਪ੍ਰਸ਼ਾਸਨ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ ਤੇ ਪੀ.ਪੀ.ਈ. ਕਿੱਟਾਂ, ਬਾਈਪੈਪ ਮਸ਼ੀਨਾਂ, ਆਕਸੀਜਨ ਸਲੰਡਰ ਆਦਿ ਮੈਡੀਕਲ ਉਪਕਰਣ ਮੁਹੱਈਆ ਕਰਵਾਉਣ 'ਚ ਮਦਦ ਕਰ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ (ਵਿ) ਰਾਜਿੰਦਰ ਬੱਤਰਾ, ਡਵੀਜ਼ਨਲ ਵਣ ਅਧਿਕਾਰੀ ਵਿੱਦਿਆ ਸਾਗਰੀ, ਜ਼ਿਲਾ ਮਾਲ ਅਫ਼ਸਰ ਗਗਨਦੀਪ ਸਿੰਘ ਤੇ ਐਸ.ਪੀ. ਸ਼ਰਨਜੀਤ ਸਿੰਘ ਢਿੱਲੋਂ ਵੀ ਹਾਜ਼ਰ ਸਨ।