- ਪ੍ਰਸ਼ਾਸਨ ਨੇ ਕੀਤਾ ਘਰੋਂ ਲਿਆਉਣ ਤੋਂ ਲੈ ਕੇ ਰੇਲ ਗੱਡੀ ਵਿਚ ਚੜਾਉਣ ਤੱਕ ਦਾ ਸਾਰਾ ਪ੍ਰਬੰਧ
ਅੰਮ੍ਰਿਤਸਰ, 7 ਮਈ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਦੀ ਕੀਤੀ ਪਹਿਲ ਤਹਿਤ ਅੱਜ ਸ਼ਾਮ ਅੰਮ੍ਰਿਤਸਰ ਤੋਂ ਪਹਿਲੀ ਰੇਲ ਗੱਡੀ ਗੌਂਡਾ ਲਈ ਰਾਵਾਨਾ ਹੋ ਗਈ। ਇਸ ਰੇਲ ਗੱਡੀ ਵਿਚ ਗਏ ਕਰੀਬ 1180 ਮੁਸਾਫਿਰਾਂ ਨੂੰ ਉਨਾਂ ਦੇ ਘਰਾਂ, ਜੋ ਕਿ ਜਿਲ੍ਹੇ ਦੇ ਸਾਰੇ ਹਿੱਸਿਆਂ ਵਿਚੋਂ ਸਨ, ਤੋਂ ਲੈ ਕੇ ਰੇਲ ਗੱਡੀ ਵਿਚ ਚੜਾਉਣ ਤੱਕ ਦਾ ਸਾਰਾ ਪ੍ਰਬੰਧ ਕੀਤਾ ਗਿਆ।
ਖਾਸ ਗੱਲ ਇਹ ਰਹੀ ਕਿ ਡਾਕਟਰੀ ਨਿਰੀਖਣ, ਟਿਕਟ ਚੈਕਿੰਗ, ਖਾਣਾ ਮੁਹੱਇਆ ਕਰਵਾਉਣ ਅਤੇ ਪਲੇਟਫਾਰਮ ਤੋਂ ਰੇਲ ਗੱਡੀ ਵਿਚ ਚੜਾਉਣ ਤੱਕ ਕਿਧਰੇ ਵੀ ਮਜ਼ਦੂਰਾਂ ਦੀ ਭੀੜ ਵਿਖਾਈ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਪ੍ਰਵਾਸੀ ਨੂੰ ਇਸ ਲਈ ਕੋਈ ਪੈਸਾ ਖਰਚ ਕਰਨਾ ਪਿਆ, ਜਿਸ ਸਦਕਾ ਇਹ ਯਾਤਰਾ ਬੜੀ ਸੁਰੱਖਿਅਤ ਸ਼ੁਰੂ ਹੋਈ। ਸਟੇਸ਼ਨ ਉਤੇ ਪਹੁੰਚ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਦਿਨੇਸ਼ ਬੱਸੀ ਨੇ ਜਿੱਥੇ ਆਪ ਪ੍ਰਵਾਸੀਆਂ ਨੂੰ ਲੰਗਰ ਤੇ ਪਾਣੀ ਵੰਡਿਆ ਉਥੇ ਆਪਸੀ ਦੂਰੀ ਤੇ ਮਾਸਕ ਵਰਗੀਆਂ ਸਾਵਧਾਨੀਆਂ ਪ੍ਰਤੀ ਵੀ ਪ੍ਰੇਰਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਵੀ ਮੁਸਾਫਿਰਾਂ ਨੂੰ ਤੋਰਨ ਲਈ ਸਟੇਸ਼ਨ ਉਤੇ ਪਹੁੰਚੇ।
ਡਿਪਟੀ ਕਮਿਸ਼ਨਰ ਵੱਲੋਂ ਇਸ ਕੰਮ ਲਈ ਕੀਤੀ ਯੋਜਨਾਬੰਦੀ ਵਿਚ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਐਸ ਡੀ ਐਮਜ਼ ਸ੍ਰੀ ਵਿਕਾਸ ਹੀਰਾ, ਸ੍ਰੀ ਸ਼ਿਵਰਾਜ ਸਿੰਘ ਬੱਲ, ਸ੍ਰੀਮਤੀ ਸੁਮਿਤ ਮੁਧ, ਸ੍ਰੀਮਤੀ ਅਲਕਾ ਕਾਲੀਆ ਤੇ ਸ੍ਰੀ ਦੀਪਕ ਭਾਟੀਆ ਅਤੇ ਰੇਲਵੇ ਯਾਤਰਾ ਲਈ ਨਿਯੁੱਕਤ ਕੀਤੇ ਗਏ ਨੋਡਲ ਅਧਿਕਾਰੀ ਸ੍ਰੀ ਰਜਤ ਉਬਰਾਏ ਤੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਵੱਲੋਂ ਬਾਖੂਬ ਸੇਵਾਵਾਂ ਨਿਭਾਈਆਂ ਗਈਆਂ। ਸ੍ਰੀ ਹਿਮਾਸ਼ੂੰ ਅਗਰਵਾਲ ਅਤੇ ਸ੍ਰੀਮਤੀ ਕੋਮਲ ਮਿੱਤਲ ਨੇ ਡਾਕਟਰੀ ਨਿਰੀਖਣ ਲਈ ਬਣਾਏ ਸਾਰੇ ਕੇਂਦਰਾਂ ਅਤੇ ਰੇਲਵੇ ਸਟੇਸ਼ਨ ਉਤੇ ਕੀਤੀਆਂ ਤਿਆਰੀਆਂ ਖ਼ੁਦ ਜਾ ਕੇ ਵੇਖੀਆਂ।
ਰੇਲ ਗੱਡੀ ਵਿਚ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਪ੍ਰਵਾਸੀਆਂ ਦੀਆਂ ਸੂਚੀਆਂ ਬਣਾ ਕੇ ਉਨਾਂ ਨੂੰ ਘਰਾਂ ਤੋਂ ਲਿਆ ਕੇ ਡਾਕਟਰੀ ਮੁਆਇਨਾ ਕਰਵਾ ਕੇ ਰੇਲ ਗੱਡੀ ਵਿਚ ਚੜਾਉਣ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ, ਜਿਸ ਸਦਕਾ ਇਹ ਸਾਰਾ ਪ੍ਰੋਗਰਾਮ ਬੜੇ ਵਧੀਆ ਢੰਗ ਨਾਲ ਨੇਪਰੇ ਚੜਿਆ। ਅੱਜ ਇਸ ਪਹਿਲੀ ਰੇਲ ਗੱਡੀ ਦੀ ਰਵਾਨਗੀ ਬੜੇ ਸਲੀਕੇ ਤੇ ਸੁਰੱਖਿਅਤ ਢੰਗ ਨਾਲ ਹੋਣ ਕਾਰਨ ਅਗਲੇ ਦਿਨਾਂ ਵਿਚ ਜਾਣ ਵਾਲੀਆਂ ਕਰੀਬ 60 ਰੇਲ ਗੱਡੀਆਂ, ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਇਥੋਂ ਜਾਣਗੀਆਂ ਵਾਸਤੇ ਕੰਮ ਅਸਾਨ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਡੇ ਕੋਲ ਕਰੀਬ 60 ਹਜ਼ਾਰ ਪ੍ਰਵਾਸੀਆਂ ਦਾ ਡੈਟਾ ਅੰਮ੍ਰਿਤਸਰ ਜਿਲ੍ਹੇ ਵਿਚੋਂ ਹੀ ਆਪਣੇ ਘਰਾਂ ਨੂੰ ਜਾਣ ਲਈ ਆਇਆ ਹੈ। ਇਸ ਲਈ ਸਾਰਿਆਂ ਨੂੰ ਉਨਾਂ ਦੇ ਮੋਬਾਈਲ ਫੋਨ ਉਤੇ ਸੰਦੇਸ਼ ਭੇਜ ਕੇ ਘਰੋਂ ਲੈਣ ਜਾ ਰਹੀ ਬੱਸ, ਉਸਦਾ ਸਮਾਂ, ਡਾਕਟਰੀ ਮੁਆਇਨਾ ਕਿੱਥੇ ਹੋਣਾ ਹੈ ਅਤੇ ਰੇਲ ਗੱਡੀ ਕਦੋਂ ਜਾਣੀ ਹੈ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਜਿਸ ਵਿਅਕਤੀ ਦੇ ਫੋਨ ਉਤੇ ਸੰਦੇਸ਼ ਨਹੀਂ ਗਿਆ ਉਹ ਕਾਹਲਾ ਨਾ ਪਵੇ ਅਤੇ ਅਗਲੀ ਗੱਡੀ ਦੀ ਉਡੀਕ ਕਰੇ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਤੁਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰੋ। ਘਰਾਂ ਨੂੰ ਪਰਤ ਰਹੇ ਪ੍ਰਵਾਸੀਆਂ ਦੇ ਚਿਹਰਿਆਂ ਉਤੇ ਖੁਸ਼ੀ ਦਾ ਆਲਮ ਵਿਖਾਈ ਦਿੱਤਾ, ਭਾਵੇਂ ਉਹ ਇੱਥੇ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਮਦਦ ਤੋਂ ਸੰਤਸ਼ੁਟ ਸਨ, ਪਰ ਸੰਕਟ ਮੌਕੇ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਘਰਾਂ ਤੱਕ ਭੇਜਣ ਦੇ ਕੀਤੇ ਗਏ ਮੁਫ਼ਤ ਪ੍ਰਬੰਧਾਂ ਕਾਰਨ ਉਹ ਡਾਢੇ ਖੁਸ਼ ਸਨ।