ਚੰਡੀਗੜ੍ਹ, 7 ਮਈ 2020 - ਜਿੱਥੇ ਪੰਜਾਬ ਸਰਕਾਰ ਵੱਲੋਂ ਅੱਜ 7 ਮਈ ਤੋਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਹਰੀ ਝੰਡੀ ਦਿੰਦਿਆਂ ਅੱਜ 9 ਤੋਂ 1 ਵਜੇ ਤੱਕ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਨਾਲ ਹੀ ਸਰਕਾਰ ਵੱਲੋਂ ਸਵੇਰ 9 ਵਜੇ ਤੋਂ ਰਾਤ 8 ਵਜੇ ਤੱਕ ਹੋਮ ਡਿਲਿਵਰੀ ਕਰਨ ਦੇ ਹੁਕਮ ਦਿੱਤੇ ਗਏ ਸਨ। ਪਰ ਸਰਕਾਰ ਦੇ ਇਨ੍ਹਾਂ ਹੁਕਮਾਂ ਦਾ ਬਾਵਜੂਦ ਵੀ ਸ਼ਰਾਬੀਆਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਕਿਉਂਕਿ ਪੰਜਾਬ ਦੇ ਲਗਪਗ ਸਾਰਿਆਂ ਹੀ ਜ਼ਿਲ੍ਹਿਆਂ 'ਚ ਇੱਕਾ-ਦੁੱਕਾ ਥਾਵਾਂ ਨੂੰ ਛੱਡ ਸਾਰੇ ਹੀ ਸ਼ਰਾਬ ਦੇ ਠੇਕੇ ਬੰਦ ਰਹੇ।
ਇਸ ਤੋਂ ਬਿਨਾਂ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸ਼ਰਾਬ ਦੀ ਹੋਮ ਡਿਲਵਰੀ ਦਾ ਵੀ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਆਬਕਾਰੀ ਨੀਤੀ ਨਾ ਬਣਨ ਤੱਕ ਸ਼ਰਾਬ ਦੇ ਠੇਕੇ ਨਹੀਂ ਖੋਲ੍ਹੇ ਜਾਣਗੇ ਅਤੇ ਨਾ ਹੀ ਸਰਕਾਰ ਨੇ ਕਰਫਿਊ ਦੌਰਾਨ ਠੇਕੇ ਖੋਲ੍ਹਣ ਸਬੰਧੀ ਕੋਈ ਨੀਤੀ ਬਣਾਈ ਹੈ।