ਅਸ਼ੋਕ ਵਰਮਾ
ਮਾਨਸਾ, 7 ਮਈ 2020 - ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਈ ਟੀ ਟੀ ਅਧਿਆਪਕਾਂ ਤੋਂ ਹੈੱਡ ਟੀਚਰ ਅਤੇ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਜਲਦੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਵੱਲੋਂ ਮਾਨਸਾ ਸਮੇਤ ਪੰਜਾਬ ਦੇ ਪੰਜ ਜ਼ਿਲ੍ਹਿਆਂ ਲੁਧਿਆਣਾ, ਰੂਪਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਕ ਹਫਤੇ ਅੰਦਰ ਸਾਰੀ ਕਾਰਵਾਈ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਤਰੱਕੀਆਂ ਨੂੰ ਲੈ ਕੇ ਅਧਿਆਪਕਾਂ ਚ ਖੁਸ਼ੀ ਪਾਈ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ ਸਿੱਖਿਆ ਨੂੰ ਲਿਖੇ ਪੱਤਰ ਰਾਹੀਂ ਈਟੀਟੀ ਅਧਿਆਪਕਾਂ ਤੋਂ ਹੈੱਡ ਟੀਚਰ ਅਤੇ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਤਰੁੰਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਾਲ ਹੀ ਇਸ ਗੱਲ ਦਾ ਧਿਆਨ ਰੱਖਣ ਲਈ ਵੀ ਕਿਹਾ ਗਿਆ ਹੈ ਕਿ ਇਸ ਸਬੰਧੀ ਕੋਈ ਵੀ ਕੋਰਟ ਕੇਸ ਨਾ ਚੱਲ ਰਿਹਾ ਹੋਵੇ।
ਹਦਾਇਤ ਕੀਤੀ ਗਈ ਹੈ ਕਿ ਇੰਨ੍ਹਾਂ ਕਾਡਰਾਂ ਦੇ ਤਰੱਕੀਆਂ ਦੇ ਰੋਸਟਰ ਰਜਿਸਟਰ ਨਿਯਮਾਂ ਅਨੁਸਾਰ ਤਿਆਰ ਕਰਕੇ ਅਤੇ ਰਾਖਵੇਂ ਨੁਕਤੇ-ਬੈਕਲਾਗ ਜ਼ਿਲਾ ਭਲਾਈ,ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਆਦਿ ਦੇ ਦਫਤਰਾਂ ਤੋਂ ਚੈੱਕ/ਹਸਤਾਖਰ ਕਰਵਾਉਣ ਉਪਰੰਤ ਹੀ ਤਰੱਕੀਆਂ ਕੀਤੀਆਂ ਜਾਣ ਅਤੇ ਸੀਨੀਅਰਤਾ ਸੂਚੀਆਂ ਦੀ ਪਾਤਰਤਾ ਸਬੰਧੀ ਸਬੰਧਤ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਣਗੇ,ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਤਰੱਕੀਆਂ ਐਚ ਟੀ ਅਤੇ ਸੀ ਐੱਚ ਟੀ ਦੀਆਂ ਸਿੱਧੀ ਭਰਤੀ ਵਾਲੀਆਂ ਅਸਾਮੀਆਂ ਤੇ ਨਾ ਕੀਤੀਆਂ ਜਾਣ ਅਤੇ ਇਹ ਪ੍ਰਕਿਰਿਆ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋਂ ਸੱਤ ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰਕੇ ਹੈੱਡ ਦਫਤਰ ਨੂੰ ਸੂਚਿਤ ਕਰਨ ਬਾਰੇ ਕਿਹਾ ਗਿਆ ਹੈ।
ਇਸ ਤਰੱਕੀਆਂ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਅਮਨਦੀਪ ਸ਼ਰਮਾਂ ਅਤੇ ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਦੇ ਕਨਵੀਨਰ ਕਰਮਜੀਤ ਸਿੰਘ ਤਾਮਕੋਟ ਨੇ ਖੁਸ਼ੀ ਦਾ ਪ੍ਰਗਟਾਵਾ ਕੀਤੀ ਹੈ,ਉਨਾਂ ਇਸ ਗੱਲ ਤੇ ਵੀ ਗਿਲਾ ਜ਼ਾਹਿਰ ਕੀਤਾ ਹੈ ਕਿ ਮਾਨਸਾ ਦੇ ਵੱਖ ਵੱਖ ਜ਼ਿਲਾ ਸਿੱਖਿਆ ਅਧਿਕਾਰੀਆਂ ਨੇ ਅਪਣੀ ਸੇਵਾ ਮੁਕਤੀ ਜਾਂ ਅਪਣੀ ਬਦਲੀ ਦੀ ਉਡੀਕ ਚ ਹਰ ਵਾਰ ਇਨਾਂ ਤਰੱਕੀਆਂ ਨੂੰ ਲਮਕਾ ਕੇ ਅਧਿਆਪਕਾਂ ਨਾਲ ਵੱਡਾ ਧਰੋਹ ਕਮਾਇਆ ਹੈ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਵਿਭਾਗ ਵੱਲੋ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਇਕ ਨਿਸਚਿਤ ਸਮੇਂ ਦੌਰਾਨ ਹੀ ਇਹ ਤਰੱਕੀਆਂ ਕਰਨੀਆਂ ਯਕੀਨੀ ਬਣਾਈਆਂ ਜਾਣ,ਤਾਂ ਕਿ ਜ਼ਿਲਾ ਅਧਿਕਾਰੀਆਂ ਅਧਿਆਪਕਾਂ ਨਾਲ ਬੇਇਨਸਾਫ਼ੀ ਨਾ ਕਰ ਸਕਣ।