ਅਸ਼ੋਕ ਵਰਮਾ
- ਵੱਖ ਵੱਖ ਪ੍ਰਕਾਰ ਦੀਆਂ ਦੁਕਾਨਾਂ ਖੁਲਣ ਲਈ ਦਿਨ ਨਿਰਧਾਰਤ ਕੀਤੇ
ਬਠਿੰਡਾ, 7 ਮਈ 2020 - ਬਠਿੰਡਾ ਜ਼ਿਲ੍ਹੇ ਵਿਚ ਦੁਕਾਨਾਂ ਖੋਲਣ ਸਬੰਧੀ ਪੁਰਾਣੇ ਹੁਕਮਾਂ ਵਿਚ ਸੋਧ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਬੀ.ਸ੍ਰੀਨਿਵਾਸਨ ਵਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਹੁਣ ਦੁਕਾਨਾਂ ਸਵੇਰੇ 7 ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹਣਗੀਆਂ ਅਤੇ ਵੱਖ ਵੱਖ ਸ਼੍ਰੇਣੀ ਦੀਆਂ ਦੁਕਾਨਾਂ ਦੇ ਖੁੱਲ੍ਹਣ ਲਈ ਵੱਖਰੇ ਵੱਖਰੇ ਦਿਨ ਨਿਰਧਾਰਿਤ ਕੀਤੇ ਗਏ ਹਨ।
ਜਿਲ੍ਹਾ ਮੈਜਿਸਟ੍ਰੇਟ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਮੈਡੀਕਲ ਸਟੋਰ (ਹੋਲ ਸੇਲ ਅਤੇ ਰੀਟੇਲ), ਲੈਬੋਟਰੀਜ਼ ਅਤੇ ਡਾਇਗਨੋਸਟਿਕ ਸੈਂਟਰ ਸੋਮਵਾਰ ਤੋਂ ਐਤਵਾਰ ਪੂਰਾ ਹਫ਼ਤਾ ਖੁੱਲ੍ਹਣਗੇ।
ਇਸੇ ਤਰ੍ਹਾਂ ਡੇਅਰੀ, ਮਿਲਕ ਚਿਲਿੰਗ/ਕੁਲੈਕਸ਼ਨ ਸੈਂਟਰ, ਸਬਜ਼ੀ ਦੀਆਂ ਦੁਕਾਨਾਂ, ਪਸ਼ੂਆਂ ਦੇ ਚਾਰੇ, ਪੋਲਟਰੀ ਦਾ ਚਾਰਾ, ਬੀਜ਼ਾਂ ਅਤੇ ਕੀਟਨਾਸ਼ਕਾਂ ਦੀਆਂ ਦੁਕਾਨਾਂ, ਖੇਤੀਬਾੜੀ ਦੇ ਸਮਾਨ ਦੀਆਂ ਦੁਕਾਨਾਂ ਅਤੇ ਪੋਲਟਰੀ ਸਬੰਧੀ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਹਫ਼ਤੇ ਵਿਚ 6 ਦਿਨ ਖੁੱਲਣਗੀਆਂ। ਕਰਿਆਣਾ ਸਟੋਰ ਅਤੇ ਬੇਕਰੀ ਸੋਮਵਾਰ ਤੋਂ ਵੀਰਵਾਰ ਤੱਕ ਹੀ ਹਫ਼ਤੇ ਵਿਚ ਸਿਰਫ 4 ਦਿਨ ਖੁੱਲਿਆ ਕਰਨਗੇ। ਇਲੈਕਟ੍ਰਾਨਿਕਸ ਦੀਆਂ ਦੁਕਾਨਾਂ ਸਮੇਤ ਮੋਬਾਇਲ ਦੀਆਂ ਦੁਕਾਨਾਂ ਤੇ ਮੋਬਾਇਲ ਸਟੋਰ, ਆਪਟੀਕਲ ਸਟੋਰ, ਸਪੇਅਰ ਪਾਰਸ ਅਤੇ ਮੋਬਾਇਲ ਆਇਲ ਦੀਆਂ ਦੁਕਾਨਾਂ, ਟਾਇਰਾਂ ਦੀਆਂ ਦੁਕਾਨਾਂ ਅਤੇ ਬਰਤਨਾਂ ਦੀ ਦੁਕਾਨਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਹਫ਼ਤੇ ਵਿਚ ਕੇਵਲ 2 ਦਿਨ ਹੀ ਖੁੱਲ੍ਹਣਗੀਆਂ।
ਜ਼ਿਲਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਹਾਰਡਵੇਅਰ, ਪਲਾਈਵੁੱਡ, ਸ਼ਰਟਰਿੰਗ ਸਟੋਰ, ਪੇਂਟਸ ਸਟੋਰ, ਆਇਰਨ, ਰੇਤ, ਬਜ਼ਰੀ ਸਟੋਰ, ਸੀਮਿੰਟ ਦੀਆਂ ਦੁਕਾਨਾਂ, ਸੈਨੇਟਰੀ ਦੀਆਂ ਦੁਕਾਨਾਂ, ਇਲੈਕਟਰੀਕਲਜ਼ (ਬਿਜਲੀ) ਦੀਆਂ ਦੁਕਾਨਾਂ ਸੋਮਵਾਰ ਅਤੇ ਵੀਰਵਾਰ ਹਫਤੇ ਵਿਚ ਕੇਵਲ 2 ਦਿਨ ਹੀ ਖੁੱਲ੍ਹਣਗੀਆਂ। ਇਸੇ ਤਰਾਂ ਬਾਕੀ ਵਰਜਿਤ ਦੁਕਾਨਾਂ ਦੀ ਸ਼ੇ੍ਰਣੀ ਤੋਂ ਬਿਨ੍ਹਾਂ ਦੀਆਂ ਅਤੇ ਉਪਰੋਕਤ ਤੋਂ ਬਿਨ੍ਹਾਂ ਦੀਆਂ ਦੁਕਾਨਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹਫ਼ਤੇ ਵਿਚ ਕੇਵਲ 2 ਦਿਨ ਹੀ ਖੁੱਲਣਗੀਆਂ।
ਇਸ ਤੋਂ ਬਿਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਾਰੇ ਮਾਲਜ਼,ਢਾਬੇ, ਰੈਸਟੋਰੈਂਟ, ਹੋਟਲ, ਕਲੱਬ, ਇਟਿੰਗ ਪੁਆਇੰਟ, ਜਿੰਮ, ਸਵੀਮਿੰਗ ਪੂਲ, ਬਾਰਬਰ ਸ਼ਾਪ, ਬਿਊਟੀ ਸਲੂਨ, ਥਿਏਟਰ, ਇੰਟਰਟੇਨਮੈਂਟ ਪਾਰਕ, ਹੋਸਪਟਿਲੀਟੀ ਸਰਵਿਸਜ਼, ਸਪੋਰਟਸ ਕੰਪਲੈਕਸ, ਬਾਰ ਇਸ ਦੌਰਾਨ ਪਹਿਲਾਂ ਦੀ ਤਰਾਂ ਬੰਦ ਰਹਿਣਗੇ।
ਸੁਪਰ ਸਟੋਰ ਜਿਵੇਂ ਰਿਲਾਇੰਸ ਬਿੱਗ ਬਜਾਰ, ਬੈਸਟ ਪ੍ਰਾਈਸ, ਇਜੀ ਡੇਅ, ਵਿਸ਼ਾਲ ਮੈਗਾ ਮਾਰਟ ਆਦਿ ਇਸ ਸਮੇਂ ਦੌਰਾਨ ਬੰਦ ਰਹਿਣਗੇ ਪ੍ਰੰਤੂ ਹੋਮ ਡਲੀਵਰੀ ਰਾਹੀਂ ਜਰੂਰੀ ਵਸਤਾਂ ਸਪਲਾਈ ਕਰ ਸਕਦੇ ਹਨ।
ਉਨਾਂ ਸਪੱਸ਼ਟ ਕੀਤਾ ਕਿ ਦੁਕਾਨਾਂ ਖੁੱਲਣ ਦਾ ਸਮਾਂ ਸਵੇਰੇ 7 ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੀ ਹੋਵੇਗਾ ਅਤੇ ਨਿਰਧਾਰਿਤ ਦਿਨ ਨੂੰ ਹੀ ਸਬੰਧਤ ਦੁਕਾਨ ਖੋਲੀ ਜਾ ਸਕੇਗੀ। ਉਨਾਂ ਦੱਸਿਆ ਕਿ ਐਤਵਾਰ ਵਾਲੇ ਦਿਨ ਪੂਰਾ ਬਜ਼ਾਰ ਬੰਦ ਰਹੇਗਾ ਤਾਂ ਜੋ ਸ਼ਹਿਰ ਨੂੰ ਪੂਰੀ ਤਰਾਂ ਸੈਨੀਟਾਈਜ਼ ਕੀਤਾ ਜਾ ਸਕੇ।
ਇਸ ਸਬੰਧੀ ਹੋਰ ਹਦਾਇਤਾਂ ਜਾਰੀ ਕਰਦਿਆਂ ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਆਮ ਲੋਕ ਕੇਵਲ ਸਵੇਰੇ 7 ਤੋਂ 3 ਵਜੇ ਤੱਕ ਹੀ ਦੁਕਾਨਾਂ ਤੋਂ ਖਰੀਦਦਾਰੀ ਕਰ ਸਕਣਗੇ ਅਤੇ ਇਸ ਤੋਂ ਬਾਅਦ ਸਭ ਨੂੰ ਘਰਾਂ ਅੰਦਰ ਜਾਣਾ ਹੋਵੇਗਾ।ਘਰ ਤੋਂ ਬਾਹਰ ਆਉਣ ਸਮੇਂ ਮਾਸਕ ਲਾਜ਼ਮੀ ਪਾਓ ਅਤੇ ਦਸਤਾਨੇ, ਹੱਥ ਧੋਣ ਅਤੇ ਸੈਨੇਟਾਈਜਰ ਦੀ ਵਰਤੋਂ ਅਤੇ ਆਪਸੀ ਦੂਰੀ ਦਾ ਹਰ ਕੋਈ ਖਿਆਲ ਰੱਖੇ।
ਕਿਸੇ ਨੂੰ ਵੀ ਬੇਕਰੀ ਜਾਂ ਹੋਰ ਦੁਕਾਨ ਤੇ ਬੈਠਕੇ ਖਾਣਾ ਖਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਖਰੀਦਦਾਰੀ ਕਰਕੇ ਤੁਰੰਤ ਘਰ ਮੁੜ ਜਾਓ। ਦੁਕਾਨਦਾਰਾਂ ਨੂੰ ਅਪੀਲ ਹੈ ਕਿ ਉਹ ਇਸ ਸਮੇਂ ਘਰੋ ਘਰੀ ਸਪਲਾਈ ਨੂੰ ਉਤਸਾਹਿਤ ਕਰਨ। ਦੁਕਾਨਦਾਰ ਆਪਣੀਆਂ ਦੁਕਾਨਾਂ ਬਾਹਰ 1 ਮੀਟਰ ਦੇ ਵਕਫੇ ਤੇ ਸਰਕਲ ਲਗਾਉਣਗੇ ਤਾਂ ਜ਼ੋ ਗ੍ਰਾਹਕਾਂ ਵਿਚ ਸਮਾਜਿਕ ਦੂਰੀ ਬਣਾਈ ਰੱਖੀ ਜਾ ਸਕੇ। ਦੁਕਾਨਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਉਨ੍ਹਾਂ ਨੇ ਖੁਦ ਤੇ ਸਟਾਫ ਨੇ ਮਾਸਕ ਪਾਇਆ ਹੋਵੇ ਅਤੇ ਉਹ ਅਜਿਹੇ ਕਿਸੇ ਵਿਅਕਤੀ ਨੂੰ ਸਮਾਨ ਨਹੀਂ ਵੇਚਣਗੇ ਜਿਸ ਨੇ ਮਾਸਕ ਨਾ ਪਾਇਆ ਹੋਵੇ।
ਹਰੇਕ ਦੁਕਾਨਦਾਰ ਹੈਂਡ ਸਾਇਨੇਟਾਇਜਰ ਰੱਖੇਗਾ ਤਾਂ ਜ਼ੋ ਦੁਕਾਨ ਵਿਚ ਆਉਣ ਵਾਲਾ ਹਰ ਗ੍ਰਾਹਕ ਤੇ ਦੁਕਾਨਦਾਰ ਇਸ ਨਾਲ ਹੱਥ ਸਾਫ ਕਰ ਸਕੇ। ਕੋਈ ਵੀ ਗ੍ਰਾਹਕ ਦੁਕਾਨ ਵਿਚ ਰੱਖੀ ਕਿਸੇ ਵਸਤ ਜਾਂ ਹੋਰ ਚੀਜ ਨੂੰ ਛੂਹੇ ਨਾ।ਦੁਕਾਨਦਾਰ ਗ੍ਰਾਹਕ ਨੂੰ ਡਿਜਟਿਲ ਤਰੀਕੇ ਨਾਲ ਭੁਗਤਾਨ ਕਰਨ ਲਈ ਉਤਸਾਹਿਤ ਕਰੇ।ਨਗਦੀ ਦੇ ਭੁਗਤਾਨ ਬਾਅਦ ਗ੍ਰਾਹਕ ਅਤੇ ਦੁਕਾਨਦਾਰ ਦੋਨੋਂ ਹੱਥ ਅਲਕੋਹਲ ਵਾਲੇ ਸੈਨੇਟਾਈਜਰ ਨਾਲ ਸਾਫ ਕਰਨ। ਗ੍ਰਾਹਕ ਘਰ ਤੋਂ ਕਪੜੇ ਦੇ ਬੈਗ ਲੈ ਕੇ ਜਾਣ ਅਤੇ ਇੰਨ੍ਹਾਂ ਨੂੰ ਬਾਅਦ ਵਿਚ ਸਾਬਣ ਸੋਡੇ ਤੇ ਗਰਮ ਪਾਣੀ ਨਾਲ ਧੋ ਲਿਆ ਜਾਵੇ। ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸੇ ਤਰਾਂ ਜਿ਼ਲ੍ਹਾ ਮੈਜਿਸਟੇ੍ਰਟ ਨੇ ਕਾਰਜਕਾਰੀ ਮੈਜਿਸਟ੍ਰੇਟਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਸਮੇਂ ਦੌਰਾਨ ਯਕੀਨੀ ਬਣਾਉਣਗੇ ਕਿ ਨਿਯਮਾਂ ਅਤੇ ਹੁਕਮਾਂ ਦਾ ਕੋਈ ਉਲੰਘਣ ਨਾ ਕਰੇ ਅਤੇ ਜਿਸ ਨੇ ਵੀ ਉਲੰਘਣ ਕੀਤਾ ਉਸ ਖਿਲਾਫ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।