ਪਰਵਿੰਦਰ ਸਿੰਘ ਕੰਧਾਰੀ
- ਉੱਤਰਾਖੰਡ ਲਈ 9 ਮਈ ਨੂੰ ਸ਼ਾਮ ਵੇਲੇ ਫਰੀਦਕੋਟ ਤੋਂ ਵਿਸ਼ੇਸ਼ ਬੱਸਾਂ ਦੇਹਰਾਦੂਨ ਲਈ ਚੱਲਣਗੀਆਂ
- ਉੱਤਰਾਖੰਡ ਦੇ ਸਾਰੇ ਯਾਤਰੀ 9 ਮਈ ਨੂੰ ਸਵੇਰੇ 9 ਵਜੇ ਸਬੰਧਤ ਐਸ ਡੀ ਐਮ ਦਫ਼ਤਰ ਪਹੁੰਚਣਗੇ
- ਝਾਰਖੰਡ ਲਈ ਰੇਲ ਗੱਡੀ 10 ਮਈ ਨੂੰ ਬਠਿੰਡਾ ਤੋਂ ਡਾਲਟੇਲ (ਝਾਰਖੰਡ) ਤੱਕ ਜਾਵੇਗੀ
- ਝਾਰਖੰਡ ਦੇ ਯਾਤਰੀਆਂ ਨੂੰ 10 ਮਈ ਨੂੰ ਸਵੇਰੇ 8 ਵਜੇ ਸਬੰਧਿਤ ਐਸ ਡੀ ਐਮ ਦਫ਼ਤਰਾਂ ਵਿੱਚ ਪਹੁੰਚਣ ਦੀ ਅਪੀਲ
- ਰਾਜਸਥਾਨ ਜਾਣ ਵਾਲੇ ਉਥੋਂ ਦੇ ਵਸਨੀਕਾਂ ਨੂੰ ਰਾਜਸਥਾਨ ਦੀ ਸਰਕਾਰੀ ਵੈਬਸਾਈਟ www.emitraapp.rajsthan.gov.in ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਜ਼ਰੂਰੀ
ਫਰੀਦਕੋਟ, 8 ਮਈ 2020 - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੂਜੇ ਰਾਜਾਂ ਦੇ ਜਿਹੜੇ ਵਸਨੀਕ ਕਰਫਿਊ/ਲਾਕਡਾਊਨ ਦੌਰਾਨ ਪੰਜਾਬ ਵਿੱਚ ਰਹਿ ਗਏ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਵਾਪਸ ਭੇਜਣ ਲਈ ਫਰੀਦਕੋਟ ਪ੍ਰਸ਼ਾਸਨ ਵੱਲੋ ਵਿਸ਼ੇਸ਼ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ । ਇਹ ਜਾਣਕਾਰੀ ਜਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਉੱਤਰਾਖੰਡ, ਝਾਰਖੰਡ ਅਤੇ ਰਾਜਸਥਾਨ ਦੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਵਾਪਸ ਭੇਜਣ ਲਈ ਬੱਸਾਂ ਅਤੇ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਝਾਰਖੰਡ ਦੇ ਗੜਵਾਲ ਖੇਤਰ ਦੇ ਲੋਕਾਂ ਨੂੰ 9 ਮਈ ਦਿਨ ਸ਼ਨੀਵਾਰ ਨੂੰ ਸ਼ਾਮ ਨੂੰ 8 ਵਜੇ ਫਰੀਦਕੋਟ ਤੋਂ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ ਜੋ ਕਿ ਦੇਹਰਾਦੂਨ ਤੱਕ ਜਾਣਗੀਆਂ ਅਤੇ ਇਨ੍ਹਾਂ ਵਿੱਚ ਉੱਤਰਾਖੰਡ ਦੇ ਚਮੋਲੀ, ਦੇਹਾਰਾਦੂਨ, ਹਰਿਦੁਆਰ, ਪੌੜੀ ਗੜਵਾਲ, ਰੁਦਰ ਪਰਿਆਂਗ, ਟੀਹਰੀ ਗੜਵਾਲ ਅਤੇ ਉੱਤਰ ਕਾਂਸੀ ਆਦਿ ਖੇਤਰਾਂ ਦੇ ਲੋਕ ਸ਼ਾਮਲ ਹਨ, ਜਿੰਨਾਂ ਨੂੰ ਦੇਹਰਾਦੂਨ ਪਹੁੰਚਣ ਉਪਰੰਤ ਉੱਥੋ ਦੀ ਸਰਕਾਰ ਵੱਲੋਂ ਉਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।ਉਨ੍ਹਾਂ ਉੱਤਰਾਖੰਡ ਦੇ ਵਾਪਸ ਜਾਣ ਵਾਲੇ ਲੋਕਾਂ ਜਿੰਨਾਂ ਦਾ ਮੈਡੀਕਲ ਹੋ ਚੁੱਕਾ ਹੈ ਨੂੰ ਅਪੀਲ ਕੀਤੀ ਕਿ ਉਹ 9 ਮਈ ਨੂੰ ਸਵੇਰੇ 10 ਵਜੇ ਸਬੰਧਤ ਐਸ.ਡੀ.ਐਮ.ਦਫਤਰ ਵਿੱਚ ਪਹੁੰਚ ਜਾਣ ਜਿੱਥੋਂ ਉਨਾਂ ਨੂੰ ਫਰੀਦਕੋਟ ਲਿਆਂਦਾ ਜਾਵੇਗਾ ਅਤੇ ਲੋੜੀਂਦਾ ਖਾਣਾ ਅਤੇ ਹੋਰ ਸਮਾਨ ਦੇ ਕੇ ਦੇਹਰਾਦੂਨ ਲਈ ਰਵਾਨਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਝਾਰਖੰਡ ਦੇ ਡਾਲਟੇਲ ਲਈ ਰੇਲਗੱਡੀ 10 ਮਈ ਦਿਨ ਐਤਵਾਰ ਨੂੰ ਬਠਿੰਡਾ ਤੋਂ ਦਿਨੇ 12:30 ਵਜੇ ਚੱਲੇਗੀ। ਉਨ੍ਹਾਂ ਝਾਰਖੰਡ ਦੇ ਫਰੀਦਕੋਟ ਵਿੱਚ ਰਹਿ ਰਹੇ ਲੋਕਾਂ ਨੂੰ ਕਿਹਾ ਕਿ ਜਿੰਨਾ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ ਉਹ ਇਸ ਦਿਨ ਸਵੇਰੇ 8 ਵਜੇ ਸਬੰਧਤ ਐਸ.ਡੀ.ਐਮ. ਦਫਤਰ ਪਹੁੰਚਣ ਜਿੱਥੋਂ ਉਨ੍ਹਾਂ ਨੂੰ ਬੱਸਾਂ ਰਾਹੀਂ ਬਠਿੰਡਾ ਲੈ ਕੇ ਜਾਇਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਰਾਜਸਥਾਨ ਜਾਣ ਵਾਲੇ ਲੋਕਾਂ ਲਈ ਰਾਜਸਥਾਨ ਦੀ ਸਰਕਾਰੀ ਵੈਬਸਾਈਟ www.emitraapp.rajsthan.gov.in ਤੇ ਰਜਿਸਟਰਡ ਕਰਾਉਣਾ ਜ਼ਰੂਰੀ ਹੈ ਇਸ ਰਜਿਸਟ੍ਰੇਸ਼ਨ ਹੋਣ ਉਪਰੰਤ ਹੀ ਰਾਜਸਥਾਨ ਸਰਕਾਰ ਵੱਲੋਂ ਆਪਣੇ ਲੋਕਾਂ ਨੂੰ ਰਾਜਸਥਾਨ ਦਾਖਲ ਹੋਣ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਉੱਤਰਾਖੰਡ, ਝਾਰਖੰਡ ਤੇ ਰਾਜਸਥਾਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾ ਨੇ ਪੰਜਾਬ ਸਰਕਾਰ ਦੇ ਪੋਰਟਲ www.covidhelp.punjab.gov.in ਤੇ ਰਜਿਸਟਰੇਸ਼ਨ ਨਹੀਂ ਕਰਵਾਈ ਉਹ ਤੁਰੰਤ ਰਜਿਸਟਰੇਸ਼ਨ ਕਰਾਉਣ ਜਾਂ ਤੁਰੰਤ ਸਬੰਧਤ ਐਸ.ਡੀ.ਐਮ. ਦਫਤਰ ਸੰਪਰਕ ਕਰਕੇ ਫਾਰਮ ਭਰਨ ।ਉਨ੍ਹਾਂ ਨੂੰ ਵੀ ਇਸ ਗਰੁੱਪ ਨਾਲ ਲੋੜੀਂਦੀ ਕਾਰਵਾਈ ਪੂਰੀ ਕਰਨ ਉਪਰੰਤ ਉਨ੍ਹਾਂ ਦੇ ਸੂਬੇ ਵਿੱਚ ਭੇਜ ਦਿੱਤਾ ਜਾਵੇਗਾ।