ਅਸ਼ੋਕ ਵਰਮਾ
- ਜ਼ਿਲ੍ਹਾ ਅਤੇ ਬਲਾਕ ਪੱਧਰੀ ਕੰਟਰੋਲ ਰੂਮ ਸਥਾਪਿਤ
ਮਾਨਸਾ, 8 ਮਈ 2020 - ਮਾਨਸਾ ਪ੍ਰਸ਼ਾਸਨ ਟਿੱਡੀ ਦਲ ਦੀਆਂ ਰਿਪੋਰਟਾਂ ਨੇ ਪੱਬਾਂ ਭਾਰ ਕਰ ਦਿੱਤਾ ਹੈ। ਅਧਿਕਾਰੀਆਂ ਨੇ ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਜਿਲ੍ਹਾ ਅਤੇ ਬਲਾਕ ਪੱਧਰ ਤੇ ਕੰਟਰੋਲ ਰੂਮ ਬਣਾਇਆ ਹੈ। ਸਾਲ 2020 ਦੇ ਸ਼ੁਰੂ ਹੋਣ ’ਤੇ ਹੀ ਟਿੱਡੀ ਦਲ ਭਾਰਤ ਸਮੇਤ ਕਈ ਮੁਲਕਾਂ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਪਿਛਲੇ ਕੁਝ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ, ਮੱਧ ਪੂਰਬੀ ਦੇਸ਼ਾਂ ਅਤੇ ਭਾਰਤ ਪੱਖੋ ਇਸਦੇ ਦੱਖਣੀ ਈਰਾਨ ਅਤੇ ਪਾਕਿਸਤਾਨ ਵਿੱਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੂਲਕ ਦੇ ਸਰਹੱਦੀ ਸੂਬਿਆਂ, ਰਾਜਸਥਾਨ, ਪੰਜਾਬ ਅਤੇ ਗੁਜਰਾਤ ਦੀ ਖੇਤੀ ਅਤੇ ਬਨਸਪਤੀ ਲਈ ਚਣੌਤੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਰਾਮ ਸਰੂਪ ਨੇ ਦੱਸਿਆ ਕਿ ਟਿੱਡਿਆਂ ਦੇ ਹਮਲੇ ਦੀ ਰੋਕਥਾਮ ਲਈ ਜ਼ਿਲਾ ਮਾਨਸਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲਾ ਪੱਧਰੀ ਅਤੇ ਬਲਾਕ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਕੰਟਰੋਲ ਰੂਮ ਦੇ ਜਿਲਾ ਪੱਧਰ ਦੇ ਇੰਚਾਰਜ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨਜੀਤ ਸਿੰਘ 95695-30627, ਬਲਾਕ ਮਾਨਸਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਜਿੰਦਰ ਸਿੰਘ 98775-07879, ਬਲਾਕ ਭੀਖੀ ਡਾ. ਜਰਮਨਜੋਤ ਸਿੰਘ 98159-88986, ਬਲਾਕ ਬੁਢਲਾਡਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਵੀਰ ਸਿੰਘ 94657-31842, ਬਲਾਕ ਝੁਨੀਰ ਖੇਤੀਬਾੜੀ ਵਿਕਾਸ ਅਫ਼ਸਰ ਡਾ. ਹਰਵਿੰਦਰ ਸਿੰਘ 98720-33997 ਅਤੇ ਬਲਾਕ ਸਰਦੂਲਗੜ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ 98725-52742 ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਟਿੱਡੀ ਦਲ ਦਾ ਹਮਲਾ ਆਪਣੇ ਖੇਤ ਜਾਂ ਖੇਤ ਦੇ ਆਲੇ ਦੁਆਲੇ ਦਿੱਸਦਾ ਹੈ ਤਾਂ ਸਬੰਧਤ ਅਫਸਰ ਨਾਲ ਤਾਲਮੇਲ ਕੀਤਾ ਜਾਵੇ। ਡਾ. ਰਾਮ ਸਰੂਪ ਨੇ ਦੱਸਿਆ ਕਿ ਜ਼ਿਲਾ ਮਾਨਸਾ ਵਿੱਚ ਅਜੇ ਤੱਕ ਟਿੱਡੀ ਦਲ ਦਾ ਹਮਲਾ ਦੇਖਣ ਵਿੱਚ ਨਹੀਂ ਆਇਆ ਹੈ। ਸੋ ਕਿਸਾਨ ਵੀਰਾਂ ਨੂੰ ਇਸ ਸਬੰਧੀ ਘਬਰਾਉਣ ਦੀ ਜਰੂਰਤ ਨਹੀਂ ਹੈ, ਪਰ ਕਿਸਾਨ ਆਪਣੇ ਖੇਤਾਂ ਪ੍ਰਤੀ ਮੁਸਤੈਦ ਰਹਿਣ। ਉਨਾਂ ਟਿੱਡੀ ਦਲ ਦੇ ਹਮਲੇ ਦੇ ਆਰਥਿਕ ਕਗਾਰ ਬਾਰੇ ਦੱਸਦਿਆਂ ਕਿਹਾ ਕਿ 10,000 ਟਿੱਡੇ ਪ੍ਰਤੀ ਹੈਕਟੇਅਰ ਜਾਂ 5-6 ਟਿੱਡੇ ਪ੍ਰਤੀ ਬੂਟੇ ਸਾਰੇ ਖੇਤ ਵਿੱਚ ਹੋਣ ਤਾਂ ਕਿਸਾਨ ਇਸ ਦੀ ਰੋਕਥਾਮ ਲਈ ਕਲੋਰੋਪੈਰੀਫਾਸ 20 ਈਸੀ 1200 ਮਿਲੀ ਲਿਟਰ ਪ੍ਰਤੀ ਹੈਕਟੇਅਰ ਜਾਂ ਲੈਮਡਾ ਸਾਈਹੈਲੋਥਰਿਨ 5 ਈਸੀ 400 ਮਿਲੀ ਲਿਟਰ ਦੇ ਹਿਸਾਬ ਨਾਲ ਸਪਰੇਅ ਕਰਨ।
ਮੁੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਟਿੱਡੀ ਦਲ ਦਾ ਹਮਲਾ ਆਮ ਤੌਰ ’ਤੇ ਸ਼ਾਮ ਨੂੰ ਹੁੰਦਾ ਹੈ ਅਤੇ ਟਿੱਡੀ ਦਲ ਪਹਿਲਾਂ ਦਰੱਖਤਾ ’ਤੇ ਬੈਠਦਾ ਹੈ ਇਸ ਲਈ ਸਪਰੇਅ ਜਾਂ ਤਾਂ ਰਾਤ ਨੂੰ ਕਰੋ ਜਾਂ ਸਵੇਰੇ ਧੁੱਪ ਨਿਕਲਣ ਤੋਂ ਪਹਿਲਾਂ-ਪਹਿਲਾਂ ਕੀਤੀ ਜਾਵੇ ਕਿਉਂ ਕਿ ਦਿਨ ਵੇਲੇ ਇਹ ਫਸਲ ’ਤੇ ਬੈਠਦਾ ਹੈ ਤੇ ਫਸਲ ਨੂੰ ਤਬਾਹ ਕਰ ਦਿੰਦਾ ਹੈ।