ਹਰਿੰਦਰ ਨਿੱਕਾ
- ਜ਼ਿਲ੍ਹਾ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਹੁਕਮ ਜਾਰੀ
ਬਰਨਾਲਾ, 8 ਮਈ 2020 - ਜ਼ਿਲ੍ਹੇ ਅੰਦਰ ਦੁਕਾਨਾਂ ਹੁਣ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹ ਸਕਣਗੀਆਂ, ਜਦੋਂਕਿ ਦੁਕਾਨਾਂ ਖੋਲ੍ਹਣ ਦੀ ਰੋਟੇਸ਼ਨਲ ਸਮਾਂ ਸਾਰਨੀ ਉਸੇ ਤਰ੍ਹਾਂ ਰਹੇਗੀ। ਜ਼ਿਲ੍ਹਾ ਮੈਜਿਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਬੈਂਕਾਂ ਵਿਚ ਪਬਲਿਕ ਡੀਲਿੰਗ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਰਹੇਗਾ। ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਰਹੇਗਾ। ਐਤਵਾਰ ਨੂੰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ 7 ਤੋਂ 3 ਵਜੇ ਦੌਰਾਨ ਮੈਡੀਕਲ ਐਮਰਜੈਂਸੀ, ਸਰਕਾਰ ਡਿਊਟੀ ਵਾਲੇ ਵਾਹਨਾਂ ਅਤੇ ਬੈੈਂਕਾਂ ਵਾਲੇ ਵਾਹਨਾਂ ਤੋਂ ਬਿਨਾਂ ਹੋਰ ਕੰਮਾਂ ਲਈ ਬਰਨਾਲਾ ਸ਼ਹਿਰ ਵਿਚ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਲਿਜਾਣ ਦੀ ਮਨਾਹੀ ਹੈ। ਜਿਹੜੇ ਵਿਅਕਤ ਸ਼ਹਿਰ ਤੋਂ ਬਾਹਰੋਂ ਇਸ ਸਮੇਂ ਦੌਰਾਨ ਬਰਨਾਲਾ ਸ਼ਹਿਰ ਵਿਚ ਆਉਣਗੇ, ਉਹ ਆਪਣੇ ਵਾਹਨ ਖੁੱਡੀ ਰੋਡ, ਬਾਜਾਖਾਨਾ ਰੋਡ, ਅਨਾਜ ਮੰਡੀ, ਕਚਹਿਰੀ ਚੌਕ (ਫਲਾਈਓਵਰ ਦੇ ਹੇਠਾਂ), ਪੱਕਾ ਕਾਲਜ ਰੋਡ, ਧਨੌਲਾ ਰੋਡ, ਨਵੇਂ ਸਿਨੇਮੇ ਦੀ ਪਾਰਕਿੰਗ, ਮਾਤਾ ਗੁਲਾਬ ਕੌਰ ਚੌਕ ਤੇ 22 ਏਕੜ ਮਾਰਕੀਟ ਵਿਚ ਖੜ੍ਹੇ ਕਰ ਸਕਦੇ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।