ਫਿਰੋਜ਼ਪੁਰ, 8 ਮਈ 2020 : ਇਕ ਪਾਸੇ ਜਿਥੇ ਕੋਰੋਨਾ ਕਰਫਿਊ ਦੀਆਂ ਹਦਾਇਤਾਂ ਲਾਗੂ ਕਰਵਾਉਣ ਲਈ ਪੁਲਿਸ ਨੂੰ ਦਿਨ ਰਾਤ ਭੱਜ ਦੌੜ ਕਰਨੀ ਪੈ ਰਹੀ ਹੈ, ਉਥੇ ਦੂਜੇ ਪਾਸੇ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਲੋਕਾਂ ਦੇ ਘਰਾਂ ਵਿਚੋਂ ਚੋਰੀਆਂ ਕਰਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਤਲਵੰਡੀ ਭਾਈ ਦੇ ਇੰਚਾਰਜ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸਾਡੀ ਪੁਲਿਸ ਪਾਰਟੀ ਵੱਲੋਂ ਕਾਬੂ ਕੀਤੇ ਗਏ ਦੋ ਵਿਅਕਤੀਆਂ ਪਾਸੋਂ ਚੋਰੀ ਦੇ 11 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਨਜ਼ਦੀਕੀ ਪਿੰਡ ਲੱਲੇ ਦੇ ਵਸਨੀਕ ਜਸਪਾਲ ਸਿੰਘ ਪੁੱਤਰ ਬਚਨ ਸਿੰਘ ਵੱਲੋਂ ਉਕਤ ਵਿਅਕਤੀਆਂ 'ਤੇ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮ ਹਰਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਤਲਵੰਡੀ ਭਾਈ ਅਤੇ ਉਸ ਦਾ ਦੂਜਾ ਸਾਥੀ ਸੰਜੀਵ ਕੁਮਾਰ ਉਰਫ ਸੋਨਾ ਪੁੱਤਰ ਕਾਕਾ ਸਿੰਘ ਵਾਸੀ ਵਾਰਡ ਨੰਬਰ 6 ਤਲਵੰਡੀ ਭਾਈ ਜੋ ਕਿ ਦੋਵੇਂ ਦੋਸ਼ੀ ਕੁਝ ਦਿਨ ਪਹਿਲਾ ਰਾਤ ਨੂੰ ਉਸ ਦੇ ਘਰ ਦਾਖਲ ਹੋ ਕੇ ਉਸ ਦੇ ਦੋ ਮੋਬਾਇਲ ਜਿਨ੍ਹਾਂ ਦੀ ਕੀਮਤ ਤਕਰੀਬਨ 22 ਹਜ਼ਾਰ ਰੁਪਏ ਹੈ ਇਹ ਚੋਰੀ ਕਰਕੇ ਲੈ ਗਏ ਸਨ।
ਇਸ ਸਬੰਧੀ ਇਤਲਾਹ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਉਕਤ ਦੋਵੇਂ ਦੋਸ਼ੀਆਂ ਦੇ ਖਿਲਾਫ ਧਾਰਾ 457, 380 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ, ਜਦੋਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰਕੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਹੋਰ ਵੀ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਗਏ 11 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।