ਹਰਿੰਦਰ ਨਿੱਕਾ
ਸੰਗਰੂਰ, 8 ਮਈ 2020 - ਕੋਵਿਡ 19 ਦੀ ਮਹਾਂਮਾਰੀ ਦੇ ਸਬੰਧ ਵਿਚ ਪੂਰੇ ਪੰਜਾਬ ਵਿਚ ਕਰਫ਼ਿਊ ਲਗਾਇਆ ਗਿਆ ਹੈ। ਪਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਕੁਝ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਹੀ ਲੜੀ ਤਹਿਤ ਸਬ ਡਵੀਜ਼ਨ ਅਹਿਮਦਗੜ੍ਹ ਵਿਚ ਪੈਂਦੇ ਜੰਗੇੜਾ ਰੋਡ ਅਹਿਮਦਗੜ੍ਹ (ਜੋ ਕਿ ਲੁਧਿਆਣਾ ਜ਼ਿਲ੍ਹਾ ਦੀ ਹੱਦ ਨਾਲ ਲੱਗਦਾ ਹੈ) ਦੇ ਰਸਤੇ ਨੂੰ ਕਣਕ ਦੀ ਢੋਆ ਢੁਆਈ ਲਈ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਹੁਕਮਾਂ ਵਿਚ ਸੋਧ ਕਰਦਿਆਂ ਮਿਤੀ 2 ਮਈ ਨੂੰ ਜੰਗੇੜਾ ਰੋਡ ਅਹਿਮਦਗੜ੍ਹ ਦੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ।
ਪਰੰਤੂ ਅਹਿਮਦਗੜ੍ਹ ਅਧੀਨ ਪੈਂਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਮੰਡੀਆਂ ਵਿੱਚੋਂ ਕਣਕ ਟਰੱਕਾਂ ਰਾਹੀਂ ਜੰਗੇੜਾ ਰੋਡ ਤੋਂ ਹੋ ਕੇ ਗਊਸ਼ਾਲਾ ਨਜ਼ਦੀਕ ਫਾਟਕਾਂ ਦੇ ਪੈਂਦੇ ਹੋਏ ਗੋਦਾਮ ਵਿੱਚ ਭੰਡਾਰ ਹੋਣੀ ਹੈ। ਪ੍ਰੰਤੂ ਜੰਗੇੜਾ ਰੋਡ ਅਹਿਮਦਗੜ੍ਹ ਵਾਲਾ ਰਸਤਾ ਬੰਦ ਹੋਣ ਕਾਰਨ ਜੇਕਰ ਦੂਸਰੇ ਰਸਤੇ ਤੋਂ ਟਰੱਕ ਗੁਦਾਮਾਂ ਵਿੱਚ ਪਹੁੰਚਦੇ ਹਨ ਤਾਂ ਨਿਸ਼ਚਿਤ ਕੀਤਾ ਫਾਸਲਾ ਵਧਣ ਕਾਰਨ ਟਰਾਂਸਪੋਰਟੇਸ਼ਨ ਦਾ ਖਰਚਾ ਵੀ ਵਧ ਰਿਹਾ ਸੀ। ਇਸ ਲਈ ਕਣਕ ਦੀ ਢੋਆ ਢੁਆਈ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਡੀਆਂ ਵਿੱਚ ਕਣਕ ਦੀ ਖਰੀਦ ਤੇ ਲਿਫਟਿੰਗ ਦਾ ਕੰਮ ਚੱਲਦੇ ਰਹਿਣ ਤੱਕ ਸਿਰਫ਼ ਟਰੱਕਾਂ ਲਈ ਕਣਕ ਦੀ ਢੋਆਈ ਲਈ ਜੰਗੇੜਾ ਰੋਡ ਅਹਿਮਦਗੜ੍ਹ ਦੇ ਰਸਤੇ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ।