ਮਨਿੰਦਰਜੀਤ ਸਿੱਧੂ
- ਆਨਲਾਈਨ ਸਾਧਨਾਂ ਜ਼ਰੀਏ ਸਿਲੇਬਸ ਪੂਰਾ ਕਰਵਾਏ ਜਾਣ ’ਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਪ੍ਰਗਟਾਈ ਤਸੱਲ
ਜੈਤੋ, 8 ਮਈ 2020 - ਬੇਸ਼ਕ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਕੰਮਲ ਹੋਣੀਆਂ ਅਜੇ ਬਾਕੀ ਹਨ ਪਰ ਯੂਨੀਵਰਸਿਟੀ ਕਾਲਜ ਜੈਤੋ ਨੇ ਪਹਿਲ-ਕਦਮੀ ਕਰਦਿਆਂ ਆਪਣੀ ਦਾਖ਼ਲਾ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਲਏ ਜਾਣ ’ਤੇ ਕਾਲਜ ਦੇ ਸੀਨੀਅਰ ਅਧਿਆਪਕ ਅਤੇ ਦਾਖ਼ਲਾ ਕਮੇਟੀ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ (ਬਾਹਰਲੇ ਕੇਂਦਰ) ਡਾ. ਪੁਸ਼ਪਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬੀਤੇ ਦਿਨੀਂ ਇਕ ਆਨਲਾਈਨ ਮੀਟਿੰਗ ਯੂਨੀਵਰਸਿਟੀ ਦੀ ਐਡਮਿਸ਼ਨ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਮੈਡਮ ਡਾ. ਇੰਦਰਪ੍ਰੀਤ ਸੰਧੂ ਦੀ ਪ੍ਰਧਾਨਗੀ ਹੇਠ ਹੋ ਚੁੱਕੀ ਹੈ। ਮੀਟਿੰਗ ਵਿਚ ਲਾਕਡਾਊਨ ਸਮੇਂ ਦੌਰਾਨ ਆਨਲਾਈਨ ਮਾਧਿਅਮਾਂ ਰਾਹੀਂ ਰਹਿੰਦਾ ਸਿਲੇਬਸ ਪੂਰਾ ਕਰਾਉਣ ਬਾਰੇ ਚਰਚਾ ਕੀਤੀ ਗਈ ਜਿਸ ਵਿਚ ਅਧਿਆਪਕਾਂ ਵੱਲੋਂ ਯੂ-ਟਿਊਬ ਚੈਨਲ ਬਣਾ ਕੇ, ਵੱਟਸਐਪ, ਮੂਡਲ, ਗੂਗਲ ਕਲਾਸ ਰੂਮ, ਜ਼ੂਮ ਆਦਿ ਦੀ ਮੱਦਦ ਨਾਲ ਸੌ ਫ਼ੀਸਦੀ ਸਿਲੇਬਸ ਮੁਕੰਮਲ ਕਰਵਾਏ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ’ਤੇ ਭਰਪੂਰ ਤਸੱਲੀ ਪ੍ਰਗਟਾਉਂਦਿਆਂ ਡਾ. ਸੰਧੂ ਵੱਲੋਂ ਨਵੇਂ ਸੈਸ਼ਨ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਨਲਾਈਨ ਦਾਖ਼ਲਾ ਰਜਿਸਟ੍ਰੇਸ਼ਨ ਕਰਨ ਬਾਰੇ ਯੂਨੀਵਰਸਿਟੀ ਦੀ ਐਡਮਿਸ਼ਨ ਕੋਆਰਡੀਨੇਸ਼ਨ ਕਮੇਟੀ ਦੇ ਮਨਸ਼ੇ ਨੂੰ ਸਪਸ਼ਟ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਕਾਲਜ ਵੱਲੋਂ ਆਨਲਾਈਨ ਦਾਖ਼ਲਾ ਰਜਿਸਟ੍ਰੇਸ਼ਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਡਾ. ਤੱਗੜ ਨੇ ਦੱਸਿਆ ਕਿ ਦਾਖ਼ਲੇ ਲਈ ਜਿਹੜੇ ਸੰਭਾਵੀ ਵਿਦਿਆਰਥੀ ਦਾਖ਼ਲਾ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦੇ ਹੋਣ ਉਹ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਦਾ ਪ੍ਰਾਸੈਸ ਪੂਰਾ ਕਰਵਾ ਸਕਦੇ ਹਨ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਵਿਦਿਆਰਥੀ ਬਾਰਵੀਂ ਜਮਾਤ ਦੀ ਪ੍ਰੀਖਿਆ ਆਉਣ ਵਾਲੇ ਸਮੇਂ ਵਿਚ ਮੁਕੰਮਲ ਕਰਨ ਜਾ ਰਹੇ ਹਨ ਉਹ ਵੀ ਦਾਖ਼ਲੇ ਲਈ ਆਨਲਾਈਨ ਰਜਿਸਟਰਡ ਹੋ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ ਲਈ ਪ੍ਰੋਫ਼ਾਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈੱਬਸਾਈਟ ਦੇ ਕੰਸਟੀਚੂਐਂਟ ਕਾਲਜਾਂ ਦੇ ਪੇਜ ਨੂੰ ਕਲਿੱਕ ਕਰਕੇ ਜਾਂ ਸਿੱਧੇ ਕਾਲਜ ਦੀ ਵੈਬਸਾਈਟ ਯੂਨੀਵਰਸਿਟੀ ਕਾਲਜ ਜੈਤੋ ਡਾਟ ਕਾਮ ਜਾਂ ਕਾਲਜ ਦੇ ਫ਼ੇਸਬੁੱਕ ਪੇਜ ਨੂੰ ਕਲਿੱਕ ਕਰਕੇ ਹਾਸਲ ਕੀਤਾ ਜਾ ਸਕਦਾ ਹੈ।