ਫਿਰੋਜ਼ਪੁਰ 9 ਮਈ 2020 : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਫ਼ਿਰੋਜ਼ਪੁਰ ਇੱਕ ਨੇ ਆਪਣੇ ਹਰ ਪੱਖ ਵਿੱਚ ਮੋਹਰੀ ਹੋਣ ਦੀ ਰਵਾਇਤ ਜਾਰੀ ਰੱਖਦਿਆ ਸਕੱਤਰ ਸਿੱਖਿਆ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਲਾਕ ਡਾਊਨ ਵਿਚ ਆਨਲਾਈਨ ਸਿੱਖਿਆ ਵਿੱਚ ਵੀ ਅੱਗੇ ਜਾ ਰਿਹਾ ਹੈ। ਸੁਮਨਦੀਪ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਇੱਕ ਨੇ ਦੱਸਿਆ ਜਿੱਥੇ ਪਿਛਲੇ ਦਿਨੀਂ ਇਸ ਕੋਰੋਨਾ ਮਹਾਂਮਾਰੀ ਕਰਕੇ ਪੂਰੀ ਦੁਨੀਆਂ ਘਰ ਵਿਚ ਬੰਦ ਹੈ ਤੇ ਭਾਰਤ ਸਰਕਾਰ ਦੁਆਰਾ ਵੀ ਤਾਲਾਬੰਦੀ ਕੀਤੀ ਹੋਈ ਹੈ ਇਸ ਦੌਰਾਨ ਸਕੂਲੀ ਬੱਚਿਆਂ ਦੀ ਪੜ੍ਹਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ, ਪਰ ਫਿਰੋਜ਼ਪੁਰ ਇਕ ਦੇ ਮਿਹਨਤੀ ਅਧਿਆਪਕਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਸ ਆਨਲਾਈਨ ਜਮਾਤਾਂ ਦਾ ਖਾਸ ਪ੍ਰਬੰਧ ਕੀਤਾ।
ਬਲਾਕ ਦੇ ਮਿਹਨਤੀ ਅਧਿਆਪਕਾਂ ਵੱਲੋਂ ਰੋਜ਼ਾਨਾ ਜੂਮ ਐਪ ਵਟਸ ਐਪ ਗਰੁੱਪ ਰਾਹੀਂ ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਲੇਬਸ ਅਨੁਸਾਰ ਸਿੱਖਿਆ ਵੀ ਦਿੰਦੇ ਹਨ। ਇਨ੍ਹਾਂ ਅਧਿਆਪਕਾਂ ਵਿਚ ਪੂਜਾ ਗਰਗ, ਅਨੂ ਸ਼ਰਮਾ, ਪੂਨਮ ਰਾਣੀ, ਜਸਪ੍ਰੀਤ ਕੌਰ, ਹਰਜਿੰਦਰ ਕੌਰ, ਸ਼ੀਤਲ ਸ਼ਰਮਾ, ਸੁਦੇਸ਼ ਰਾਣੀ,ਚਰਨਜੀਤ ਸਿੰਘ ਅਤੇ ਹੋਰ ਅਧਿਆਪਕਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਵੀਡੀਓ ਬਣਾ ਕੇ ਪੂਰੇ ਬਲਾਕ ਵਿਚ ਸ਼ੇਅਰ ਕੀਤੀਆਂ ਜਾਂਦੀਆਂ ਹਨ। ਜਿਸ ਕਰਕੇ ਵਿਦਿਆਰਥੀ ਸਿੱਖਿਆ ਨਾਲ ਜੁੜੇ ਹੋਏ ਹਨ, ਇਨ੍ਹਾਂ ਅਧਿਆਪਕਾਂ ਦੀਆਂ ਬਣਾਈਆਂ ਵੀਡੀਓ ਤੋਂ ਨਾ ਕੇਵਲ ਉਨ੍ਹਾਂ ਦੇ ਸਕੂਲ ਬਲਕਿ ਬਾਕੀ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਲਾਭ ਉਠਾ ਰਹੇ ਹਨ।
ਹਰਮਿੰਦਰ ਸਿੰਘ ਬਲਾਕ ਮਾਸਟਰ ਟ੍ਰੇਨਰ ਨੇ ਦੱਸਿਆ ਇਸ ਤੋਂ ਇਲਾਵਾ ਬਲਾਕ ਦੇ ਬਹੁਤ ਸਾਰੇ ਸਕੂਲ ਆਨਲਾਈਨ ਸਮਰ ਕੈਂਪ ਵੀ ਲਗਾ ਰਹੇ ਹਨ, ਜਿਸ ਵਿਚ ਵਿਦਿਆਰਥੀ ਆਪਣੇ ਘਰਾਂ ਵਿਚ ਬੈਠੇ ਵੱਖ ਵੱਖ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ ਜਿਵੇਂ ਪੇਂਟਿੰਗ, ਗੀਤ, ਕਵਿਤਾ, ਭਾਸ਼ਣ ਮੁਕਾਬਲੇ, ਰੰਗੋਲੀ, ਮਹਿੰਦੀ ਲਗਾਉਣਾ, ਮਿੱਟੀ ਦੇ ਖਿਡੌਣੇ ਬਣਾਉਣਾ ਘਰ ਵਿਚ ਪਈਆਂ ਵਾਧੂ ਵਸਤੂਆਂ ਤੋਂ ਕੋਈ ਨਵੀਂ ਚੀਜ਼ ਬਣਾਉਣਾ ਘਰ ਵਿਚ ਫੁੱਲ ਅਤੇ ਸਬਜ਼ੀਆਂ ਉਗਾਉਣਾ, ਪੌਦਿਆਂ ਨੂੰ ਪਾਣੀ ਦੇਣਾ ਆਦਿ। ਬਲਾਕ ਦੇ ਵਿਦਿਆਰਥੀ ਵੱਲੋਂ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਜੀ ਵੱਲੋਂ ਚਲਾਈ ਮੁਹਿੰਮ ਅੰਬੈਸਡਰ ਆਫ ਹੋਪ ਵਿਚ ਵੀ ਭਾਗ ਲਿਆ ਅਤੇ ਹੁਣ (ਐੱਮਐੱਲਏ ਫ਼ਿਰੋਜ਼ਪੁਰ ਸ਼ਹਿਰੀ) ਪਰਮਿੰਦਰ ਸਿੰਘ ਪਿੰਕੀ ਵੱਲੋਂ ਚਲਾਏ ਜਾ ਰਹੇ ਆਨਲਾਈਨ ਵਾਇਸ ਆਫ ਫ਼ਿਰੋਜ਼ਪੁਰ ਵੀ ਭਾਗ ਲੈ ਰਹੇ ਹਨ। ਇਸ ਔਖੀ ਘੜੀ ਨੂੰ ਸੌਖਾ ਬਣਾਉਣ ਲਈ ਸਮੂਹ ਪੜ੍ਹੋ ਪੰਜਾਬ ਪੜ੍ਹਾਓ ਟੀਮ, ਸਮੂਹ ਸੀਐੱਚਟੀ ਅਤੇ ਸਮੂਹ ਸਕੂਲਾਂ ਦੇ ਅਧਿਆਪਕਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ।