ਹਰਿੰਦਰ ਨਿੱਕਾ
ਸੰਗਰੂਰ, 9 ਮਈ 2020 - ਕੋਵਿਡ 19 ਦੀ ਮਹਾਂਮਾਰੀ ਨੂੰ ਰੋਕਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਇਸ ਸੰਕਟ ਦੀ ਘੜੀ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਜਾ ਰਿਹਾ ਹੈ ।ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਥਾਨਕ ਪਿੰਗਲਵਾੜਾ ਸ਼ਾਖਾ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ।
ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸਕੱਤਰ ਸ੍ਰੀ ਸੁਧੀਰ ਮੋਦਗਿੱਲ ਨੇ ਦੱਸਿਆ ਕਿ ਡਾ. ਗਗਨ ਕੁੰਦਰਾ ਡਿਪਟੀ ਕਮਿਸ਼ਨਰ ਇਨਕਮ ਟੈਕਸ, ਜੋ ਕਿ ਸੁਸਾਇਟੀ ਦੇ ਚੇਅਰਪਰਸਨ ਹਨ, ਦੀ ਅਗਵਾਈ ਹੇਠ ਚੱਲ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੰਗਰੂਰ ਵੱਲੋਂ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਕੀਤੀ ਗਈ ਹੈ।
ਹੁਣ ਵੀ ਜਦੋਂ ਪਿੰਗਲਵਾੜਾ ਸ਼ਾਖਾ ਦੇ ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਕੋਲੋਂ ਜ਼ਰੂਰੀ ਦਵਾਈਆਂ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਤੁਰੰਤ ਇਸ ਦੀ ਪੂਰਤੀ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਰਾਹੀਂ ਉਹ ਜ਼ਰੂਰੀ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦਵਾਈਆਂ ਦੀ ਬਾਜ਼ਾਰੀ ਕੀਮਤ ਕਰੀਬ 50000 ਰੁਪਏ ਹੈ । ਪਿੰਗਲਵਾੜਾ ਸੰਸਥਾ ਦੇ ਆਨਰੇਰੀ ਮੈਂਬਰ ਸ੍ਰੀ ਹਰਜੀਤ ਸਿੰਘ ਵੱਲੋਂ ਇਹ ਦਵਾਈਆਂ ਪ੍ਰਾਪਤ ਕੀਤੀਆਂ ਗਈਆਂ । ਪਿੰਗਲਵਾੜਾ ਸੰਸਥਾ ਦੇ ਟਰੱਸਟੀ ਸ੍ਰੀ ਤਰਲੋਚਨ ਸਿੰਘ ਚੀਮਾ ਨੇ ਦਵਾਈਆਂ ਉਪਲੱਬਧ ਕਰਵਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਅਿਾਮ ਥੋਰੀ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕੀਤਾ।